ਕਾਬੂ ਕੀਤੇ ਗੈਂਗਸਟਰਾਂ ਨੇ ਕੀਤਾ ਪ੍ਰਗਟਾਵਾ

ਪੰਥਕ, ਪੰਥਕ/ਗੁਰਬਾਣੀ

ਪ੍ਰੋ. ਘੱਗਾ ਤੇ ਅਵਤਾਰ ਸਿੰਘ ਮੱਕੜ ਵੀ ਸਨ ਨਿਸ਼ਾਨੇ 'ਤੇ

ਪ੍ਰੋ. ਘੱਗਾ ਤੇ ਅਵਤਾਰ ਸਿੰਘ ਮੱਕੜ ਵੀ ਸਨ ਨਿਸ਼ਾਨੇ 'ਤੇ

ਪ੍ਰੋ. ਘੱਗਾ ਤੇ ਅਵਤਾਰ ਸਿੰਘ ਮੱਕੜ ਵੀ ਸਨ ਨਿਸ਼ਾਨੇ 'ਤੇ

ਕੋਟਕਪੂਰਾ, 20 ਨਵੰਬਰ (ਗੁਰਿੰਦਰ ਸਿੰਘ) : ਪੰਜਾਬ 'ਚ ਹਿੰਦੂ ਨੇਤਾਵਾਂ ਦੇ ਸਿਲਸਿਲੇ ਵਾਰ ਹੋਏ ਕਤਲਾਂ ਦੇ ਸਬੰਧ 'ਚ ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨਾਂ ਦੇ ਸਨਸਨੀਖੇਜ ਪ੍ਰਗਟਾਵਿਆਂ ਨੇ ਪੰਥਕ ਹਲਕਿਆਂ 'ਚ ਨਵੀਂ ਚਰਚਾ ਛੇੜ ਦਿਤੀ ਹੈ ਕਿਉਂਕਿ ਉਕਤ ਗੈਂਗਸਟਰਾਂ ਨੇ ਅਪਣੇ ਅਗਲੇ ਨਿਸ਼ਾਨੇ 'ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸਿੱਖ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਦਾ ਕਤਲ ਕਰਨ ਦਾ ਪ੍ਰਗਟਾਵਾ ਕੀਤਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਪੁਲਿਸ ਦੀ ਪੁਛਗਿਛ ਦੌਰਾਨ ਰਮਨਦੀਪ ਨਾਂਅ ਦੇ ਸ਼ੂਟਰ ਨੇ ਕਬੂਲ ਕੀਤਾ ਕਿ ਉਸ ਦਾ ਅਗਲਾ ਨਿਸ਼ਾਨਾ ਮੱਕੜ ਤੇ ਘੱਗਾ ਸਨ ਕਿਉਂਕਿ ਉਹ ਨਿਜੀ ਤੌਰ 'ਤੇ ਵੀ ਦੋਵਾਂ ਨੂੰ ਮਾਰਨਾ ਚਾਹੁੰਦਾ ਸੀ। ਰਮਨਦੀਪ ਨੇ ਇਹ ਵੀ ਮੰਨਿਆ ਕਿ ਉਸ ਨੇ ਉਕਤ ਵਿਅਕਤੀਆਂ ਦੇ ਕਤਲ ਬਾਰੇ ਅਪਣੇ ਸਾਥੀਆਂ ਨਾਲ ਸਲਾਹ ਵੀ ਕੀਤੀ ਸੀ। ਰਮਨਦੀਪ ਨੂੰ ਪ੍ਰੋ. ਇੰਦਰ ਸਿੰਘ ਘੱਗਾ 

ਦੀਆਂ ਪੁਸਤਕਾਂ ਵਿਚਲੀ ਕੁੱਝ ਕੁ ਸ਼ਬਦਾਵਲੀ ਬਾਰੇ ਇਤਰਾਜ਼ ਸੀ। ਜਦਕਿ ਮੱਕੜ ਨੂੰ ਉਹ  ਸਿੱਖੀ ਸਿਧਾਂਤਾਂ ਵਿਰੁਧ ਸਮਝਦਾ ਸੀ। ਸੰਪਰਕ ਕਰਨ 'ਤੇ ਪ੍ਰੋ. ਇੰਦਰ ਸਿੰਘ ਘੱਗਾ ਨੇ ਦਸਿਆ ਕਿ ਉਨ੍ਹਾਂ ਨੇ ਹੁਣ ਤਕ 2 ਦਰਜਨ ਤੋਂ ਵੀ ਜ਼ਿਆਦਾ ਪੁਸਤਕਾਂ ਲਿਖੀਆਂ ਹਨ, ਦਰਜਨਾਂ ਆਡੀਉ-ਵੀਡੀਉ ਸੀਡੀਆਂ ਤੋਂ ਇਲਾਵਾ ਸੈਂਕੜੇ ਸਟੇਜਾਂ 'ਤੇ ਹੁਣ ਤਕ ਉਹ ਸੰਗਤਾਂ ਦੇ ਭਾਰੀ ਇਕੱਠ 'ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਚੁਕੇ ਹਨ। ਉਨ੍ਹਾਂ ਦਸਿਆ ਕਿ ਹਰ ਕਿਤਾਬ ਵਿਚਲੀ ਸ਼ਬਦਾਵਲੀ ਗੁਰਮਤਿ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਦੇ ਅਸਲ ਫ਼ਲਸਫ਼ੇ ਤੋਂ ਬਾਹਰ ਨਹੀਂ ਜਾਂਦੇ ਪਰ ਫਿਰ ਵੀ ਡੇਰਾਵਾਦ ਤੇ ਬਾਬਾਵਾਦ ਦੇ ਪ੍ਰਭਾਵ ਹੇਠ ਗੁਮਰਾਹ ਹੋਏ ਕੁੱਝ ਨੌਜਵਾਨ ਉਨ੍ਹਾਂ ਦੀ ਜਾਨ ਦੇ ਪਿਆਸੇ ਹਨ। ਉਨ੍ਹਾਂ ਦਸਿਆ ਕਿ ਬਾਦਲ ਦੇ ਰਾਜ 'ਚ ਉਸ ਉਪਰ ਇਕ ਤੋਂ ਵੱਧ ਵਾਰ ਜਾਨਲੇਵਾ ਹਮਲਾ ਹੋਇਆ ਪਰ ਬਾਦਲ ਸਰਕਾਰ ਨੇ ਮੇਰੀ ਸੁਰੱਖਿਆ ਵਲ ਧਿਆਨ ਦੀ ਜ਼ਰੂਰਤ ਹੀ ਨਾ ਸਮਝੀ। ਹੁਣ ਪੁਲਿਸ ਦੀ ਪੁਛਗਿਛ ਦੌਰਾਨ ਨਵਾਂ ਪ੍ਰਗਟਾਵਾ ਹੋਇਆ ਤਾਂ ਕੈਪਟਨ ਸਰਕਾਰ ਨੇ ਮੈਨੂੰ ਤੁਰਤ ਸੁਰੱਖਿਆ ਕਰਮਚਾਰੀ ਮੁਹਈਆ ਕਰਵਾ ਦਿਤੇ।