ਅੰਮ੍ਰਿਤਸਰ, 20 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਪੱਕੇ ਪ੍ਰਬੰਧਾਂ ਕਾਰਨ ਮੁਤਵਾਜ਼ੀ ਜਥੇਦਾਰਾਂ ਨੂੰ ਅਕਾਲ ਤਖ਼ਤ ਜਾਣੋ ਰੋਕਣ ਕਰ ਕੇ ਬੰਦੀ ਛੋੜ ਦਿਵਸ ਪੁਰ-ਅਮਨ ਢੰਗ ਨਾਲ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਅਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਆਪੋ-ਆਪਣੀ ਆਸਥਾ ਮੁਤਾਬਕ ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਗੁਰੂ ਘਰ ਮੱਥਾ ਟੇਕਿਆ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂਅ ਸੰਦੇਸ਼ ਪੜ੍ਹਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ, ਸਿਵਲ ਕਪੜਿਆਂ 'ਚ ਭਾਰੀ ਪੁਲਿਸ ਦਲ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਤਾਕਿ ਚੱਲ ਰਹੇ ਟਕਰਾਅ ਨੂੰ ਰੋਕਿਆ ਜਾ ਸਕੇ ਜਿਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਤਾੜਨਾ ਕੀਤੀ ਸੀ ਕਿ ਜੇਕਰ ਪਹਿਲਾਂ ਵਾਂਗ ਕੋਈ ਹਿੰਸਕ ਘਟਨਾ ਵਾਪਰੀ ਤਾਂ ਉਸ ਲਈ ਉਹ ਜ਼ਿੰਮੇਵਾਰ ਹੋਣਗੇ। ਉਧਰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਪੁਲਿਸ ਵਲੋਂ ਭਿੱਖੀਵਿੰਡ ਰੋਕੇ ਜਾਣ ਤੇ ਉਨ੍ਹਾਂ ਇਤਿਹਾਸਕ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੁਵਿੰਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਸੰਦੇਸ਼ ਪੜ੍ਹਿਆ। ਤਖ਼ਤ ਇਕ ਪਰ ਸੰਦੇਸ਼ ਦੋ ਪੜ੍ਹੇ ਜਾਣ ਕਰ ਕੇ ਸਿੱਖ ਤੇ ਗੈਰ ਸਿੱਖ ਹਲਕਿਆਂ 'ਚ ਇਸ ਦੀ ਖੂਬ ਚਰਚਾ ਰਹੀ। ਬਹੁਗਿਣਤੀ ਸੰਗਤਾਂ ਨੇ ਬੰਦੀ ਛੋੜ ਦਿਵਸ ਅਮਨ ਸ਼ਾਂਤੀ ਨਾਲ ਮਨਾਏ ਜਾਣ ਤੇ ਸੁੱਖ ਦਾ ਸਾਹ ਲਿਆ। ਸ਼੍ਰੋਮਣੀ ਕਰਮਚਾਰੀਆਂ ਅਤੇ ਪੁਲਿਸ ਨੇ ਵੀ ਸ਼ੁਕਰ ਕੀਤਾ ਕਿ ਕੋਈ ਟਕਰਾਅ ਨਹੀਂ ਹੋਇਆ। ਜੇਕਰ ਪੰਜਾਬ ਸਰਕਾਰ ਤੇ ਪੁਲਿਸ ਵਲੋਂ ਮੁਤਵਾਜ਼ੀ ਜਥੇਦਾਰ ਰੋਕੇ ਨਾ ਜਾਂਦੇ ਤਾਂ ਤਿੱਖੀਆਂ ਝੜੱਪਾਂ ਗੁਰੂ ਘਰ ਹੋਣੀਆਂ ਸਪੱਸ਼ਟ ਸਨ।