ਮਨਜੀਤ ਸਿੰਘ ਕਲਕੱਤਾ ਨੇ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ : ਗਿ. ਗੁਰਬਚਨ ਸਿੰਘ
ਅੰਮ੍ਰਿਤਸਰ, 24 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥ ਦੇ ਦਿਮਾਗ ਵੱਜੋ ਜਾਣੇ ਜਾਂਦੇ ਮਨਜੀਤ ਸਿੰਘ ਕਲਕੱਤਾ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਕਸ਼ਮੀਰ ਐਵੀਨਿਊ ਸਥਿਤ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਅਤੇ ਭਾਈ ਰਾਏ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਕੀਤੀ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਲਏ ਗਏ ਪਾਵਨ ਹੁਕਮਨਾਮੇ ਤੋਂ ਬਾਅਦ ਸਵ: ਮਨਜੀਤ ਸਿੰਘ ਕਲਕੱਤਾ ਨੂੰ ਵੱਖ-ਵੱਖ ਪੰਥਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਗੁਰਬਚਨ ਸਿੰਘ ਨੇ ਮਨਜੀਤ ਸਿੰਘ ਕਲਕੱਤਾ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਉਨ੍ਹਾਂ ਨੂੰ ਕੌਮ ਦੇ ਰੌਸ਼ਨ ਦਿਮਾਗ਼ ਦੱਸਿਆ। ਜੱਥੇਦਾਰ ਨੇ ਕਲਕੱਤਾ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਵੇਂ ਕਿਸੇ ਵੀ ਅਹੁਦੇ 'ਤੇ ਰਹੇ ਉਨ੍ਹਾਂ ਨੇ ਕਦੇ ਵੀ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੁੱਜੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਨਜੀਤ ਸਿੰਘ ਕਲਕੱਤਾ ਇਕ ਐਸੀ ਸ਼ਖ਼ਸੀਅਤ ਸੀ ਜਿਸ ਨੂੰ ਆਪਣੀ ਵਿਦਵਤਾ ਲੋਕਾਂ ਸਾਹਮਣੇ ਰੱਖਣ ਦੀ ਬਾਖ਼ੂਬੀ ਸਮਝ ਸੀ। ਸ੍ਰ ਕਲਕੱਤਾ ਨੇ ਹਰ ਖੇਤਰ ਵਿਚ ਨਵੇਂ ਪੂਰਨੇ ਪਾਏ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ੍ਰ ਕਲਕੱਤਾ ਦੀਆਂ ਮਹਾਨ ਸੇਵਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਸਾਬਕਾ ਅਕਾਲੀ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਮੁਤਾਬਕ ਮਨਜੀਤ ਸਿੰਘ ਕਲਕੱਤਾ ਨੇ ਬਿਖੜੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਨੂੰ ਉਭਾਰਨ ਲਈ ਜੋ ਰੋਲ ਨਿਭਾਇਆ ਉਹ ਭੁੱਲਣਯੋਗ ਨਹੀਂ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਸ੍ਰ ਕਲਕੱਤਾ ਨੂੰ ਟਕਸਾਲੀ ਆਗੂ ਆਖਦਿਆਂ ਉਨ੍ਹਾਂ ਦੇ ਤੁਰ ਜਾਣ ਨੂੰ ਫ਼ੈਡਰੇਸ਼ਨ ਦੇ ਮੂਲ ਸਿਧਾਂਤਾਂ ਨੂੰ ਜਾਣਨ ਅਤੇ ਸਮਝਣ ਵਾਲੇ ਇਕ ਜੁਗ ਦਾ ਅੰਤ ਦਸਿਆ। ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਲਕੱਤਾ ਇਸ ਗੱਲੋਂ ਵਡਭਾਗੇ ਸਨ ਕਿ ਉਨ੍ਹਾਂ ਦਾ ਜਨਮ ਵੀ ਇਕ ਗੁਰਮੁਖ ਪਰਵਾਰ ਵਿਚ ਹੋਇਆ ਅਤੇ ਜਦੋਂ ਪ੍ਰਵਾਨ ਚੜ੍ਹੇ ਤਾਂ ਅੰਤਮ ਸਵਾਸਾਂ ਤਕ ਗੁਰਮੁਖ ਬਣ ਕੇ ਵਿਚਰੇ। ਸ. ਕਲਕੱਤਾ ਆਪਣੀ ਵਿਦਵਤਾ ਨੂੰ ਪੰਥ ਲਈ ਖ਼ਰਚ ਕਰਦੇ ਸਨ ਅਤੇ ਉਨ੍ਹਾਂ ਦੇ ਪਰਵਾਰ ਨੂੰ ਉਨ੍ਹਾਂ ਦੀ ਪੰਥਕ ਵਿਰਾਸਤ ਸੰਭਾਲ ਕੇ ਰਖਣੀ ਚਾਹੀਦੀ ਹੈ।
ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਲਕੱਤਾ ਨੂੰ ਧਾਰਮਕ, ਸਮਾਜਕ ਅਤੇ ਰਾਜਨੀਤਕ ਪੱਖੋਂ ਪ੍ਰਪੱਕ ਸ਼ਖ਼ਸੀਅਤ ਦਸਿਆ। ਸ. ਕਲਕੱਤਾ ਉਹ ਆਗੂ ਸਨ ਜਿਨ੍ਹਾਂ ਪਾਸੋਂ ਰਾਜਸੀ ਅਤੇ ਪੰਥਕ ਰਾਏ ਲਈ ਜਾਂਦੀ ਸੀ। ਸ. ਕਲਕੱਤਾ ਪ੍ਰੇਰਣਾ ਦੀ ਸਿਖਰ ਸਨ ਜਿਨ੍ਹਾਂ ਤੋਂ ਸੇਧ ਲੈ ਕੇ ਅਨੇਕਾਂ ਆਗੂਆਂ ਨੇ ਅਪਣਾ ਪੰਥਕ ਤੇ ਰਾਜਸੀ ਸਫ਼ਰ ਸ਼ੁਰੂ ਕੀਤਾ। ਫੋਰ ਐਸ ਸਕੂਲ ਦੇ ਡਾਇਰੈਕਟਰ ਪ੍ਰਿੰ: ਜਗਜੀਤ ਸਿੰਘ ਤੇ ਤੇਜਿੰਦਰ ਸਿੰਘ ਵਾਲੀਆ ਨੇ ਵੀ ਸਵ: ਕਲਕੱਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਿੰ : ਜਗਜੀਤ ਸਿੰਘ ਨੇ ਸ. ਕਲਕੱਤਾ ਬਾਰੇ ਕਿਹਾ ਕਿ ਉਹ 75 ਗਜ਼ ਦੇ ਘਰ ਵਿਚ ਹੀ ਗੁਜ਼ਾਰਾ ਕਰਦੇ ਰਹੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ. ਮਨਜੀਤ ਸਿੰਘ ਕਲਕੱਤਾ ਨਾਲ ਗੁਜ਼ਾਰੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਹ ਮਹਾਨ ਵਿਦਵਾਨ ਸਨ, ਜਿਨ੍ਹਾਂ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਸ. ਕਲਕੱਤਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੂੰ ਸਿਰੋਪਾਉ ਭਂੇਟ ਕੀਤਾ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਕੰਡਾ, ਜਸਬੀਰ ਸਿੰਘ ਘੁੰਮਣ, ਭਾਈ ਮਨਜੀਤ ਸਿੰਘ, ਸਰਬਜੀਤ ਸਿੰਘ ਨੇ ਸ੍ਰ ਕਲਕੱਤਾ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਤ ਕੀਤਾ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਡਾ. ਰੂਪ ਸਿੰਘ ਅਤੇ ਮਨਜੀਤ ਸਿੰਘ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸੇਵਾ ਸਿੰਘ ਸੇਖਵਾਂ, ਅਖੰਡ ਕੀਰਤਨੀ ਜੱਥਾ ਵਲੋਂ ਆਰ.ਪੀ. ਸਿੰਘ, ਬੀਬੀ ਕੌਲਾਂ ਜੀ ਭਲਾਈ ਕੇਂਦਰ, ਦਵਿੰਦਰ ਸਿੰਘ ਖ਼ਾਲਸਾ ਆਗਰਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ, ਬਾਬਾ ਹਰੀਦੇਵ ਸਿੰਘ ਈਸਾਪੁਰ ਸਮੇਤ ਵੱਖ-ਵੱਖ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਵੀ ਸ. ਗੁਰਪ੍ਰੀਤ ਸਿੰਘ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਆਲ ਇੰਡੀਆ ਆਹਲੂਵਾਲੀਆ ਸਭਾ, ਗੁਰੂ ਨਾਨਕ ਐਜੂਕੇਸ਼ਨ ਟਰੱਸਟ, ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਸ਼੍ਰੋਮਣੀ ਕਮੇਟੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਗੁਰਮਤਿ ਕਾਲਜ ਪਟਿਆਲਾ, ਮੱਧ ਪ੍ਰਦੇਸ਼ ਛੱਤੀਸਗੜ੍ਹ ਸਿੰਘ ਸਭਾ, ਬਾਬਾ ਜੱਸਾ ਸਿੰਘ ਵੈਲਫ਼ੇਅਰ ਸੁਸਾਇਟੀ ਵਲੋਂ ਸੋਗ ਸੰਦੇਸ਼ ਵੀ ਭੇਜੇ। ਸ਼ਰਧਾਂਜਲੀ ਸਮਾਗਮ ਵਿਚ ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰਦੀਪ ਸਿੰਘ ਵਾਲੀਆ, ਬਲਵਿੰਦਰ ਸਿੰਘ ਬਿੱਲਾ, ਮਲੂਕ ਸਿੰਘ ਹਰਦੋ-ਝੰਡੇ, ਜਥੇਦਾਰ ਤਰਲੋਚਨ ਸਿੰਘ ਅਜੀਤ ਨਗਰ, ਅਮਰਜੀਤ ਸਿੰਘ ਵਾਲੀਆ, ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦ ਮੈਂਬਰ, ਨਿਰਮਲ ਸਿੰਘ ਚੀਫ਼ ਖ਼ਾਲਸਾ ਦੀਵਾਨ, ਗੁਰਿੰਦਰ ਸਿੰਘ ਚਾਵਲਾ, ਭੋਲਾ ਸਿੰਘ ਸ਼ਕਰੀ ਚੇਅਰਮੈਨ, ਕਰਨੈਲ ਸਿੰਘ ਪੰਜੌਲੀ, ਮੰਗਵਿੰਦਰ ਸਿੰਘ ਖਾਪੜਖੇੜੀ, ਰਜਿੰਦਰਮੋਹਨ ਸਿੰਘ ਛੀਨਾ, ਰਵੇਲ ਸਿੰਘ ਚੇਅਰਮੈਨ, ਸਵਰਨ ਸਿੰਘ ਹਰੀਪੁਰਾ, ਡਾ ਂਿÂੰਦਰਜੀਤ ਕੌਰ ਪਿੰਗਲਵਾੜਾ ਮੁੱਖੀ, ਸੰਤ ਸਮਸ਼ੇਰ ਸਿੰਘ ਜਗੇੜਾ, ਰਿੰਕੂ ਨਰੂਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਸਰਬਜੀਤ ਸਿੰਘ ਜੰਮੂ, ਸਤਨਾਮ ਸਿੰਘ ਕੰਡਾ, ਵਿਕਰਮਜੀਤ ਸਿੰਘ ਖੋਜਕੀਪੁਰ ਅਤੇ ਕੁਲਦੀਪ ਸਿੰਘ ਮਜੀਠਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਜਗਜੀਤ ਸਿੰਘ ਜੱਗੀ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਦਲਮੇਘ ਸਿੰਘ ਖੱਟੜਾ, ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਤੇ ਗਿ ਕੇਵਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਭਾਗ ਸਿੰਘ ਅਣਖੀ, ਜਸਬੀਰ ਸਿੰਘ ਘੁੰਮਣ, ਡਾ. ਧੰਨਰਾਜ ਸਿੰਘ, ਇੰਦਰਜੀਤ ਸਿੰਘ ਬਾਗੀ, ਜਸਵਿੰਦਰ ਸਿੰਘ ਐਡਵੋਕੇਟ, ਗੁਰਬਚਨ ਸਿੰਘ ਬਚਨ, ਜਥੇਦਾਰ ਮੇਜਰ ਸਿੰਘ ਉਬੋਕੇ, ਕੰਵਰਪਾਲ ਸਿੰਘ ਦਲ ਖਾਲਸਾ, ਇੰਦਰਜੀਤ ਸਿੰਘ ਜੀਰਾ, ਭਾਈ ਮੋਹਕਮ ਸਿੰਘ, ਡਾ. ਸੂਬਾ ਸਿੰਘ, ਸੁਰਜੀਤ ਸਿੰਘ ਰਾਹੀ, ਹਰਵਿੰਦਰ ਸਿੰਘ ਸਰਨਾ, ਠੇਕੇਦਾਰ ਬਾਵਾ ਸਿੰਘ ਅਤੇ ਕਲਕੱਤਾ ਦੇ ਪਰਿਵਾਰਕ ਮੈਂਬਰ ਤੇਜਿੰਦਰ ਸਿੰਘ ਵਾਲੀਆ ਭਰਾ, ਬੀਬਾ ਹਰਕੀਰਤ ਕੌਰ (ਬੇਟੀ), ਸੁਰਿੰਦਰਜੀਤ ਸਿੰਘ ਲਾਂਬਾ (ਦਮਾਦ), ਬੀਬਾ ਸਰਬਜੀਤ ਕੌਰ (ਬੇਟੀ), ਬੀਬਾ ਜਸਮੀਨ ਕੌਰ (ਨੂੰਹ), ਸ. ਸ਼ੁਭਕਰਮਨ ਸਿੰਘ (ਪੋਤਰਾ), ਬੀਬਾ ਪ੍ਰਭਮਿਹਰ ਕੌਰ (ਪੋਤਰੀ) ਸਮੇਤ ਵੱਡੀ ਗਿਣਤੀ ਧਾਰਮਿਕ, ਰਾਜਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਹਾਜ਼ਰ ਸਨ।