ਕਾਂਗਰਸ ਸਰਕਾਰ ਨੇ ਖ਼ਾਲਸਾ ਪੰਥ ਦੀ ਤੌਹੀਨ ਕੀਤੀ : ਸੁਖਬੀਰ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ, 29 ਦਸੰਬਰ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਨੇ ਮੌਜੂਦਾ ਕਾਂਗਰਸ ਸਰਕਾਰ ਵਿਰੁਧ ਖ਼ਾਲਸਾ ਪੰਥ ਦੀ ਤੌਹੀਨ ਕਰਨ ਅਤੇ ਸਿੱਖ ਧਰਮ ਤੇ ਸਿੱਖ ਸੰਸਥਾਵਾਂ ਪ੍ਰਤੀ ਕਠੋਰ ਵਤੀਰਾ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰੀ ਛੁੱਟੀਆਂ 'ਚ ਕਟੌਤੀ ਕਰ ਕੇ ਸਾਂਝੀ ਪੰਜਾਬੀ ਵਿਰਾਸਤ ਦਾ ਵੀ ਨਿਰਾਦਰ ਕੀਤਾ ਹੈ।ਅੱਜ ਇਥੇ ਜਾਰੀ ਇਕ ਬਿਆਨ ਵਿਚ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵੇਂ ਸਾਲ ਵਿਚ ਕਾਂਗਰਸ ਸਰਕਾਰ ਨੇ ਇਸ ਤਰੀਕੇ ਨਾਲ ਸਰਕਾਰੀ ਛੁੱਟੀਆਂ 'ਚ ਕਟੌਤੀ ਕੀਤੀ ਕਿ ਪੰਜਾਬ ਦੇ ਵਿਲੱਖਣ ਸਿੱਖ ਧਰਮ, ਮਜ਼ਬੂਤ ਖ਼ਾਲਸਾ ਪੰਥ ਅਤੇ ਹੋਰ ਸੰਸਥਾਵਾਂ ਦੀ ਅਣਦੇਖੀ ਕਰਨ ਨਾਲ-ਨਾਲ ਦੂਜੇ ਧਰਮਾਂ ਤੇ ਸਭਿਆਚਾਰ ਪ੍ਰਤੀ ਬੇਰੁਖ਼ੀ ਵਿਖਾਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 9 ਮਹੀਨੇ ਦੀ ਮਾੜੀ ਕਾਰਗੁਜ਼ਾਰੀ 'ਤੇ ਪਰਦਾ ਪਾਉਣ ਦੇ ਮੰਤਵ ਨਾਲ ਕੈਪਟਨ ਸਰਕਾਰ ਨੇ ਵਿਸਾਖੀ, ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਵਸ, ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਪੁਰਬ, ਮਹਾਂਸ਼ਿਵਰਾਤਰੀ, ਈਦ ਉਲ ਜੁਹਾ ਅਤੇ ਹੋਰ ਸ਼ਹੀਦੀ ਦਿਹਾੜੇ ਮਨਾਉਣ 'ਤੇ ਵੀ ਇਕ ਤਰ੍ਹਾਂ ਨਾਲ ਪਾਬੰਦੀ ਲਾ ਦਿਤੀ ਹੈ। ਇਸ ਕਠੋਰ ਵਤੀਰੇ ਨੂੰ ਪਿਛੋਕੜ ਨਾਲ ਜੋੜਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹਰਿਮੰਦਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਨ ਅਤੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਅਜਿਹੀ ਪਾਰਟੀ ਹੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਛੁੱਟੀ ਖ਼ਤਮ ਕਰ ਸਕਦੀ ਸੀ। ਅਜਿਹੀ ਹਰਕਤ ਕਰ ਕੇ ਇਸ ਨੇ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਦੁਬਾਰਾ ਨਮਕ ਛਿੜਕਿਆ ਹੈ। ਸਿੱਖ ਕੌਮ ਅਪਣੀਆਂ ਧਾਰਮਕ ਰਵਾਇਤਾਂ 'ਤੇ ਕੀਤੇ ਇਸ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ।