ਨਵੀਂ ਦਿੱਲੀ,
15 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ
ਕਮੇਟੀ ਵਰਗੇ ਸਿੱਖ ਸੰਗਠਨਾਂ ਵਲੋਂ ਕੀਤੇ ਵਿਰੋਧ ਤੋਂ ਬਾਅਦ ਕਰਨਾਟਕਾ ਸਰਕਾਰ ਨੇ ਸਪੱਸ਼ਟ
ਕੀਤਾ ਕਿ ਉਸ ਨੇ ਸਿੱਖ ਧਾਰਮਕ ਚਿੰਨ੍ਹ ਕ੍ਰਿਪਾਨ ਪਹਿਨਣ 'ਤੇ ਕੋਈ ਪਾਬੰਦੀ ਨਹੀਂ ਲਗਾਈ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਕਰਨਾਟਕਾ ਸਰਕਾਰ ਨੇ
28 ਅਗੱਸਤ 2017 ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਜਿਸ ਰਾਹੀਂ ਉਸ ਨੇ ਬੰਗਲੌਰ
ਸ਼ਹਿਰ ਵਿਚ ਹਥਿਆਰ ਨਿਯਮ 2016 ਦੀ ਧਾਰਾ ਤਹਿਤ ਹਥਿਆਰਾਂ 'ਤੇ ਪਾਬੰਦੀ ਲਗਾ ਦਿਤੀ ਸੀ। ਇਸ
ਨੋਟੀਫ਼ਿਕੇਸ਼ਨ ਦੀ ਬਦੌਲਤ ਇਹ ਪ੍ਰਭਾਵ ਗਿਆ ਸੀ ਕਿ ਸਿੱਖਾਂ ਲਈ ਕ੍ਰਿਪਾਨ ਪਹਿਨਣ 'ਤੇ
ਪਾਬੰਦੀ ਲਗਾ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਕਰਨਾਟਕਾ ਦੇ ਗ੍ਰਹਿ ਵਿਭਾਗ ਦੇ
ਡਿਪਟੀ ਸਕੱਤਰ ਕੇ ਚਿਰੰਜੀਵੀ ਵਲੋਂ 14 ਸਤੰਬਰ ਨੂੰ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਕਿ ਇਹ
ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਕਰਨਾਟਕਾ ਵਿਚ ਸਿੱਖਾਂ ਦੇ ਕ੍ਰਿਪਾਨ ਪਹਿਨਣ 'ਤੇ
ਪਾਬੰਦੀ ਲਗਾਈ ਗਈ ਹੈ ਜੋ ਗ਼ਲਤ ਹੈ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਕਿ ਸਰਕਾਰ ਵਲੋਂ ਜਾਰੀ
ਕੀਤੇ ਗਏ ਨੋਟੀਫ਼ਿਕੇਸ਼ਨ ਵਿਚ ਸਿਰਫ਼ ਤੇਜ਼ਧਾਰ ਹਥਿਆਰ ਤੇ ਮਾਰੂ ਹਥਿਆਰ ਜਿਨ੍ਹਾਂ ਦੇ ਬਲੇਡ 9
ਇੰਚ ਤੋਂ ਲੰਮੇ ਨਾ ਹੋਣ ਤੇ 2 ਇੰਚ ਤੋਂ ਜ਼ਿਆਦਾ ਚੌੜੇ ਨਾ ਹੋਣ 'ਤੇ ਪਾਬੰਦੀ ਲਗਾਈ ਗਈ
ਹੈ। ਸ. ਸਿਰਸਾ ਨੇ ਕਿਹਾ ਕਿ ਉਹ ਕਰਨਾਟਕਾ ਸਰਕਾਰ ਦੇ ਧਨਵਾਦੀ ਹਨ ਜਿਸ ਨੇ ਨੋਟੀਫ਼ਿਕੇਸ਼ਨ
ਲਈ ਸਪੱਸ਼ਟੀਕਰਨ ਜਾਰੀ ਕੀਤਾ ਹੈ।