'ਖ਼ਾਲਸਾ ਏਡ' ਨੇ ਰੋਹਿੰਗਾ ਮੁਸਲਮਾਨਾਂ ਦੀ ਬਾਂਹ ਫੜੀ

ਪੰਥਕ, ਪੰਥਕ/ਗੁਰਬਾਣੀ



ਲੰਦਨ, 14 ਸਤੰਬਰ (ਹਰਜੀਤ ਸਿੰਘ ਵਿਰਕ) : ਮਿਆਂਮਾਰ ਦੇ ਰੋਹਿੰਗਾ ਮੁਸਲਮਾਨਾਂ ਦਾ ਮਸਲਾ ਹੁਣ ਹੋਰ ਵੀ ਗੰਭੀਰ ਬਣਦਾ ਜਾ ਰਿਹਾ ਹੈ। ਬੀਤੇ ਦੋ ਹਫ਼ਤਿਆਂ 'ਚ ਤਕਰੀਬਨ 3 ਲੱਖ ਤੋਂ ਤੋਂ ਵੱਧ ਰੋਹਿੰਗਾ ਮੁਸਲਮਾਨ ਮਿਆਂਮਾਰ ਤੋਂ ਬੰਗਲਾਦੇਸ਼ 'ਚ ਦਾਖ਼ਲ ਹੋ ਚੁਕੇ ਹਨ। ਪਹਿਲਾਂ ਤੋਂ ਹੀ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਇਨ੍ਹਾਂ ਲੋਕਾਂ ਨੂੰ ਅਪਣਾ ਘਰ-ਬਾਰ ਛੱਡ ਦੂਰ ਭੁੱਖਣ-ਭਾਣੇ ਜਾਣਾ ਪੈ ਰਿਹਾ ਸੀ, ਪਰ ਇਥੇ ਇਨ੍ਹਾਂ ਨੂੰ ਸਿੱਖਾਂ ਦੀ ਕੌਮਾਂਤਰੀ ਸੰਸਥਾ 'ਖ਼ਾਲਸਾ ਏਡ' ਵਲੋਂ ਸਹਾਰਾ ਦਿਤਾ ਜਾ ਰਿਹਾ ਹੈ।

ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ 'ਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗਾ ਸ਼ਰਨਾਰਥੀਆਂ ਦੀ ਸਹਾਇਤਾ ਲਈ ਭੇਜ ਦਿਤੀ ਹੈ। ਉਨ੍ਹਾਂ ਦਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰਤ ਭੋਜਨ, ਆਵਾਸ, ਕਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ 'ਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨ੍ਹਾਂ ਦੇ ਹਾਲਾਤ ਹੋਰ ਵੀ ਤਰਸਯੋਗ ਬਣਾ ਰਿਹਾ ਹੈ।

ਅਮਨਪ੍ਰੀਤ ਸਿੰਘ ਨੇ ਦਸਿਆ ਕਿ ਸਾਡੀ ਮੁਢਲੀ ਪਹਿਲ ਹੈ ਕਿ ਲੋਕਾਂ ਨੂੰ ਭੋਜਨ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਦਸਿਆ ਕਿ ਸ਼ਰਨਾਰਥੀ ਕੈਂਪਾਂ 'ਚ ਰੋਜ਼ਾਨਾ ਲੰਗਰ ਲਗਾਏ ਜਾ ਰਹੇ ਹਨ, ਜਿਥੇ ਹਰ ਰੋਜ ਲਗਭਗ 30 ਤੋਂ 50 ਹਜ਼ਾਰ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜੇ ਬੰਗਲਾਦੇਸ਼ ਸਰਕਾਰ ਰੋਹਿੰਗਾ ਮੁਸਲਮਾਨਾਂ ਲਈ ਸਹੀ ਜ਼ਮੀਨ ਉਪਲੱਬਧ ਕਰਵਾ ਦੇਵੇ ਤਾਂ ਉਹ ਪੀੜ੍ਹਤ ਲੋਕਾਂ ਲਈ ਸੁਰੱਖਿਆ ਅਤੇ ਸਥਾਈ ਸ਼ਰਨਾਰਥੀ ਘਰਾਂ ਦਾ ਨਿਰਮਾਣ ਕਰਨਗੇ।

ਅਮਨਪ੍ਰੀਤ ਸਿੰਘ ਨੇ ਕਿਹਾ ਕਿ ਰੋਹਿੰਗਾ ਮੁਸਲਮਾਨਾਂ ਨੂੰ ਇਕ ਅਜਿਹੇ ਦੇਸ਼ 'ਚ ਪਨਾਹ ਲੈਣੀ ਪੈ ਰਹੀ ਹੈ, ਜੋ ਖੁਦ ਨਿਰਾਸ਼ ਅਤੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ, ''ਮੈਂ ਕਦੇ ਨਹੀਂ ਵੇਖਿਆ ਕਿ ਪਾਣੀ ਪੀਣ ਤੋਂ ਹੀ ਇਨ੍ਹਾਂ ਲੋਕਾਂ ਨੂੰ ਰਾਹਤ ਮਿਲੇ। ਇਨ੍ਹਾਂ ਲੋਕਾਂ ਕੋਲ ਬਿਲਕੁਲ ਵੀ ਪੈਸਾ ਨਹੀਂ ਹੈ, ਜਿਸ ਤੋਂ ਉਹ ਸ਼ਰਨਾਰਥੀ ਕੈਂਪਾਂ ਤਕ ਪਹੁੰਚ ਸਕਣ। ਸਥਾਨਕ ਰਿਸ਼ਕਾ ਚਾਲਕ ਵੀ ਇਨ੍ਹਾਂ ਲੋਕਾਂ ਤੋਂ ਦੁਗਣਾ ਕਿਰਾਇਆ ਵਸੂਲ ਰਹੇ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਟਰਾਂਸਪੋਰਟ ਦੀ ਵਿਵਸਥਾ ਵੀ ਉਪਲੱਬਧ ਕਰਵਾਈ ਗਈ ਹੈ, ਤਾਕਿ ਇਹ ਲੋਕ ਸੁਰੱਖਿਆ ਥਾਵਾਂ 'ਤੇ ਪਹੁੰਚ ਸਕਣ।