ਖ਼ਾਲਸਾਈ ਰੰਗ ਵਿਚ ਰੰਗਿਆ ਆਨੰਦਪੁਰ ਸਾਹਿਬ

ਪੰਥਕ, ਪੰਥਕ/ਗੁਰਬਾਣੀ

ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਖ਼ਾਲਸਾਈ ਮਹੱਲਾ ਕਢਿਆ

ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਖ਼ਾਲਸਾਈ ਮਹੱਲਾ ਕਢਿਆ
ਸ੍ਰੀ ਆਨੰਦਪੁਰ ਸਾਹਿਬ, 3 ਮਾਰਚ (ਸੁਖਵਿੰਦਰਪਾਲ ਸਿੰਘ ਸੁੱਖੂ):   ਹੋਲੇ-ਮਹੱਲੇ ਦੇ ਆਖ਼ਰੀ ਦਿਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵਲੋਂ ਗੁ: ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਸ੍ਰੀ ਆਨੰਦਪੁਰ ਸਾਹਿਬ ਤੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਰਵਾਇਤ ਮੁਤਾਬਕ ਖ਼ਾਲਸਾਈ ਮਹੱਲਾ ਕਢਿਆ ਗਿਆ। ਇਸ ਵਿਚ ਸੱਭ ਤੋਂ ਅੱਗੇ ਨਿਹੰਗ ਮੁਖੀ ਖੁੱਲ੍ਹੀ ਗੱਡੀ ਵਿਚ ਸਵਾਰ ਹੋ ਕੇ ਮਹੱਲੇ ਦੀ ਅਗਵਾਈ ਕਰਦੇ ਜਾ ਰਹੇ ਸਨ। ਉਨ੍ਹਾਂ ਨਾਲ ਸਵਾਰ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਜਾ ਰਹੀ ਸੀ। ਹਾਥੀ, ਊਠ ਅਤੇ ਹਜ਼ਾਰਾਂ ਨਿਹੰਗ ਸਿੰਘ ਘੋੜਿਆਂ 'ਤੇ ਸਵਾਰ ਹੋ ਕੇ ਕਰਤੱਬ ਵਿਖਾ ਰਹੇ ਸਨ। ਨਵੀਂ ਆਬਾਦੀ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤਂੋ ਹੁੰਦਾ ਹੋਇਆ 

ਨਿਹੰਗ ਜਥੇਬੰਦੀਆਂ ਦਾ ਕਾਫ਼ਲਾ ਮੇਨ ਰੋਡ, ਚਰਨ ਗੰਗਾਂ ਪੁਰ, ਅਗੰਮਪੁਰ, ਹੋਲਗੜ੍ਹ ਹੋ ਕੇ ਚਰਨ ਗੰਗਾ ਸਟੇਡੀਅਮ ਪੁੱਜਾ। ਸਟੇਡੀਅਮ ਵਿਚ ਨੀਲੀਆਂ ਤੇ ਪੀਲੀਆਂ ਪੱਗਾਂ ਦਾ ਠਾਠਾਂ ਮਾਰਦਾ ਇਕੱਠ ਖ਼ਾਲਸੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਇਕ ਅਨੋਖਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਸਟੇਜ 'ਤੇ ਬਿਰਾਜਮਾਨ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆ ਕਿਹਾ ਕਿ ਗੁਰੂ ਸਾਹਿਬ ਵਲੋਂ ਆਰੰਭ ਕੀਤੀ ਇਹ ਮਹੱਲਾ ਕੱਢਣ ਦੀ ਰਵਾਇਤ ਖ਼ਾਲਸਾ ਪੰਥ ਅੰਦਰ ਇਕ ਨਿਵੇਕਲਾ ਜੋਸ਼, ਤਾਕਤ ਅਤੇ ਚੜ੍ਹਦੀਕਲਾ ਬਖ਼ਸ਼ਦਾ ਹੈ। ਇਸ ਮੋਕੇ ਬਾਬਾ ਨਿਹਾਲ ਸਿੰਘ ਹਰੀਆਵੇਲਾ ਵਾਲੇ, ਬਾਬਾ ਨਾਗਰ ਸਿੰਘ ਸਮੇਤ ਕਈ ਜਥੇਬੰਦੀਆਂ ਦੇ ਮੁਖੀ ਅਤੇ ਨਿਹੰਗ ਸਿੰਘ ਹਾਜ਼ਰ ਸਨ।