ਖਮਾਣੋਂ ਦੇ ਪਿੰਡ ਮਨੈਲਾ 'ਚ ਵਸਦੀ ਹੈ ਸਿੱਖ ਇਤਿਹਾਸ ਦੀ 'ਮਿੰਨੀ ਗੂਗਲ'

ਪੰਥਕ, ਪੰਥਕ/ਗੁਰਬਾਣੀ

ਫਤਹਿਗੜ੍ਹ ਸਾਹਿਬ 28 ਸਤੰਬਰ (ਸੁਰਜੀਤ ਸਿੰਘ ਖਮਾਣੋਂ)  ਲੋਕ ਜਾਣਕਾਰੀਆਂ ਲੈਣ ਲਈ ਇੰਟਰਨੈਟ, ਗੂਗਲ ਦੀ ਸਹਾਇਤਾ ਲੈਂਦੇ ਹਨ। ਅੱਜ-ਕੱਲ ਹਰ ਤਰ੍ਹਾਂ ਦੀ ਜਾਣਕਾਰੀ ਦੀ ਪ੍ਰਪੱਕਤਾ ਲਈ ਇੰਟਰਨੈਟ ਤੇ ਸਰਚ ਕੀਤੀ ਜਾਂਦੀ ਹੈ। ਵੱਖ-ਵੱਖ ਧਰਮਾਂ ਬਾਰੇ ਵੀ ਗੂਗਲ ਤੋਂ ਸਰਚ ਕਰ ਕੇ ਸਹੀ ਅੰਕੜੇ ਲੱਭੇ ਜਾਂਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋਂ ਦੇ  ਪਿੰਡ ਮਨੈਲਾ  ਵਿਖੇ ਇਕ ਬੀਬੀ ਅਜਿਹੀ ਹੈ ਜੋ ਸਿੱਖ ਧਰਮ ਬਾਰੇ ਇੰਨੀ ਜਾਣਕਾਰੀ ਰਖਦੀ ਹੈ ਕਿ ਜੇਕਰ ਉਸ ਨੂੰ ਸਿੱਖ ਫ਼ਲਸਫ਼ੇ ਦੀ ਮਿੰਨੀ ਗੂਗਲ ਕਹਿ ਲਿਆ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤਕ , ਸਿੱਖ ਮਿਸਲਾਂ ਅਤੇ ਹਰ ਸੂਰਬੀਰ ਬਹਾਦਰਾਂ, ਮਹਾਂਪੁਰਸ਼ਾਂ, ਸੰਤਾਂ, ਭਗਤਾਂ, ਸਿੱਖਾਂ ਅਤੇ ਉਨ੍ਹਾਂ ਪ੍ਰਤੀ ਹਰ ਤਰ੍ਹਾਂ ਦੀ ਜਾਣਕਾਰੀ ਇਸ ਬੀਬੀ ਨੂੰ ਜ਼ੁਬਾਨੀ ਯਾਦ ਹੈ । ਸਿਤਮ ਜ਼ਰੀਫ਼ੀ ਇਹ ਹੈ ਕਿ ਪਰਵਾਰਕ ਪੱਖੋਂ ਵੀ ਬੀਬੀ ਕੋਈ ਸੌਖੀ ਨਹੀਂ ਤੰਗੀ ਤੁਰਸ਼ੀ ਦਾ ਵਕਤ ਵੀ ਸਿਰ ਉਪਰੋਂ ਗੁਜ਼ਾਰਿਆ ਹੈ। ਬੀਬੀ ਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸਿੱਖ ਮਸਲਿਆਂ ਅਤੇ ਸਿੱਖ ਧਰਮ ਨਾਲ ਸਬੰਧਤ ਗੱਲਾਂ ਪਾਠਕਾਂ ਤਕ ਪੁਜਦੀਆਂ ਕਰਦਾ ਹੈ ਤਾਂ ਇਸ ਪੱਤਰਕਾਰ ਦੇ ਸੰਪਰਕ ਵਿਚ ਆਏ। ਅਪਣੀ ਸੂਝ-ਬੂਝ ਮੁਤਾਬਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੋਂ ਪ੍ਰਾਪਤ ਕੀਤੇ ਪ੍ਰਸ਼ਨਾਂ ਦੀ ਝੜੀ ਇਸ ਬੀਬੀ ਅੱਗੇ ਲਗਾਈ ਤਾਂ 99 ਪ੍ਰਤੀਸ਼ਤ ਸਪੱਸ਼ਟ ਅਤੇ ਸਾਫ ਉੱਤਰ ਮਿਲਿਆ ।
55 ਸਾਲਾ ਬੀਬੀ ਕੁਲਵੰਤ ਕੌਰ ਮਨੈਲਾ (ਖਮਾਣੋਂ) ਪਤਨੀ ਸਵ: ਨਿਰਮਲ ਸਿੰਘ ਨੂੰ ਪੂਰਾ ਗਿਆਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੰਨੇ ਗੁਰੂਆਂ, ਕਿੰਨੇ ਭਗਤਾਂ, ਕਿੰਨੇ ਭੱਟਾਂ ਅਤੇ ਕਿੰਨੇ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ। ਬੀਬੀ ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚ ਗੁਰੂ ਨਾਨਕ ਸਾਹਿਬ ਦੇ 947 ਸਲੋਕ, ਗੁਰੂ ਅਮਰਦਾਸ ਜੀ ਦੇ 907 ਸਲੋਕ, ਅੰਗਦ ਦੇਵ ਜੀ ਦੇ 63 ਸਲੋਕ, ਗੁਰੂ ਰਾਮਦਾਸ ਦੇ 679 ਸਲੋਕ, ਗੁਰੂ ਅਰਜਨ ਦੇਵ ਜੀ ਦੇ 2218 ਸਲੋਕ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸਲੋਕ ਹਨ । ਇਸੇ ਤਰ੍ਹਾਂ 15 ਭਗਤਾਂ 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਬੀਬੀ ਨੂੰ ਬਹੁਤੇ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਪਿੰਡ, ਜਨਮ ਸਥਾਨ ਪਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਰਾਗ ਹਨ, ਕਿਹੜੇ ਰਾਗ ਤੋਂ ਬਾਣੀ ਸ਼ੁਰੂ ਹੁੰਦੀ ਹੈ ਅਤੇ ਕਿਹੜੇ ਰਾਗ ਤੇ ਸੰਪੂਰਨ। ਜਿਵੇਂ ਰਾਗ ਸ੍ਰੀ ਤੋਂ ਬਾਣੀ ਸ਼ੁਰੂ ਹੁੰਦੀ ਹੈ ਅਤੇ ਜੈ ਜੈ ਵੰਤੀ ਰਾਗ ਤੇ ਸੰਪੂਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿਚ ਲਿਖੀ ਹੋਈ ਹੈ ਅਤੇ ਬੀਬੀ ਨੂੰ ਇਨ੍ਹਾਂ ਸਾਰੇ ਰਾਗਾਂ ਬਾਰੇ ਜਾਣਕਾਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਬਾਣੀ ਦਾ ਉਚਾਰਨ ਕੀਤਾ । ਭਾਈ ਮਨੀ ਸਿੰਘ ਜੀ ਨੇ ਅਪਣੇ ਕਰ ਕਮਲਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲਿਖਿਆ ਅਤੇ ਕਾਗ਼ਜ਼, ਕਲਮ ਅਤੇ ਸਿਆਹੀ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਨਿਭਾਈ। 9 ਮਹੀਨੇ 9 ਦਿਨ ਅਤੇ 9 ਘੜੀਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਹੋਈ। ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ 3 ਬੀੜਾਂ ਹੋਰ ਲਿਖ ਕੇ ਤਿਆਰ ਕੀਤੀਆਂ। ਗੁਰੂ ਸਾਹਿਬ ਨੇ ਪਹਿਲਾਂ ਲਿਖਾਈ ਬੀੜ ਸ੍ਰੀ ਹਜ਼ੂਰ ਸਾਹਿਬ ਜਾਣ ਵੇਲੇ ਅਪਣੇ ਨਾਲ ਲੈ ਲਈ ਜੋ  ਅੱਜ ਉਥੇ ਸੁਸ਼ੋਭਤ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ 20 ਅਕਤੂਬਰ 1708 ਨੂੰ ਗੁਰਤਾਗੱਦੀ ਦਿਤੀ ਗਈ।  ਬੀਬੀ ਜੀ ਨੂੰ ਪਤਾ ਹੈ ਕਿ ਦਮਦਮਾ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਜਾਂਦਿਆਂ ਗੁਰੂ ਜੀ ਨੇ ਕਿਥੇ-ਕਿਥੇ ਪੜਾਅ ਕੀਤੇ, ਕਿਥੇ ਬਹਾਦਰ ਸ਼ਾਹ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਮਿਲੇ ਅਤੇ ਉਦੋਂ ਦੇ ਮਾਧੋ ਦਾਸ ਬੈਰਾਗੀ ਅਤੇ ਅੱਜ ਦੇ  ਇਤਿਹਾਸ ਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੁਸ਼ਕਰ (ਰਾਜਸਥਾਨ) ਵਿੱਚ ਨਦੀ ਤੇ ਇਸਨਾਨ ਕਰਦੇ ਸਮੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ । ਬੀਬੀ ਜੀ ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮ ਸ਼ਬਦ 1758 ਵਾਰ, ਹਰੀ ਸ਼ਬਦ 50 ਵਾਰ, ਪ੍ਰਭੂ 1314 ਵਾਰ, ਗੋਬਿੰਦ 204 ਵਾਰ, ਮੁਰਾਰੀ 42 ਵਾਰ, ਠਾਕੁਰ ਸ਼ਬਦ 238 ਵਾਰ, ਗੋਪਾਲ ਸ਼ਬਦ 109 ਵਾਰ, ਪ੍ਰਮੇਸ਼ਰ 16 ਵਾਰ, ਜਗਦੀਸ਼ 37 ਵਾਰ, ਕ੍ਰਿਸ਼ਨ 8 ਵਾਰ, ਨਰੈਣ 39 ਵਾਰ, ਵਾਹਿਗੁਰੂ 13 ਵਾਰ, ਮੋਹਨ 30 ਵਾਰ, ਭਗਵਾਨ 41 ਵਾਰ, ਨਿਰੰਕਾਰ, 36 ਵਾਰ, ਵਾਹੁਗੁਰੂ 3 ਵਾਰ ਦਰਜ ਹੈ। ਇਸ ਤੋਂ ਬਿਨਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦੇ ਅੱਲਾ, ਖੁਦਾ, ਬੀਠਨ ਅਤੇ ਗੁਸਈਆ ਵੀ ਦਰਜ ਹਨ । ਬੀਬੀ ਜੀ ਦੇ ਦਸਣ ਮੁਤਾਬਕ ਮੂਲ ਮੰਤਰ 567 ਵਾਰ ਅੰਕਿਤ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ  18 ਭਾਸ਼ਾਵਾਂ ਵਿਚ ਲਿਖੀ ਹੋਈ ਹੈ ਅਤੇ ਸਭ ਤੋਂ ਵੱਧ ਪੰਜਾਬੀ ਭਾਸ਼ਾ ਵਿੱਚ ਬਾਣੀ ਦਾ ਉਚਾਰਨ ਹੈ। ਬੀਬੀ ਨੂੰ 18 ਭਾਸ਼ਾਵਾਂ ਦੇ ਨਾਵਾਂ ਦੀ ਪੂਰੀ ਜਾਣਕਾਰੀ ਹੈ ।
ਇਸ ਤੋਂ ਬਿਨਾਂ ਸਿੱਖ ਫਲਸਫੇ ਅਤੇ ਇਤਿਹਾਸ ਬਾਰੇ ਬੀਬੀ ਜੀ ਕੋਲ ਅਥਾਅ ਜਾਣਕਾਰੀ ਹੈ ਜਿਸ ਵਿੱਚ  ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਕਦੋਂ ਤੋਂ ਕਿੰੱਥੇ ਤੱਕ, ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਦੇਰ, ਹਰੀ ਸਿੰਘ ਜੀ ਨਲੂਆ (ਜਰਨੈਲ) , ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ ਅਤੇ ਹੋਰ ਵੀ ਅਨੇਕਾਂ ਭਗਤਾਂ, ਸੂਰਬੀਰ ਬਹਾਦਰਾਂ ਦੀ ਗਾਥਾ ਅਤੇ ਉਨਾਂ ਦੇ ਪਿੰਡਾਂ ਦੇ ਨਾਮ ਪਤੇ ਇਸ ਤਰਾਂ ਯਾਦ ਹਨ ਜਿਸ ਤਰ੍ਹਾਂ ਅਸੀਂ ਅੰਕੜੇ ਕੰਪਿਊਟਰ ਦਾ ਸਵਿੱਚ ਦਬਾ ਕੇ ਪ੍ਰਾਪਤ ਕਰਨੇ ਹੋਣ।
ਕਮਾਲ ਦੀ ਗੱਲ ਹੈ ਕਿ 5 ਜਮਾਤਾਂ  ਪਾਸ ਇਸ ਬੀਬੀ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਮਾਤਾ ਕੌਲਾ ਜੀ ਭਲਾਈ ਕੇਂਦਰ ਅਤੇ ਸਿੱਖ ਮਿਸ਼ਨਰੀ ਪੇਪਰ ਦਿੱਤੇ ਹਨ ਅਤੇ ਕੋਣ ਬਣੇਗਾ ਗੁਰੂ ਕਾ ਪਿਆਰਾ ਵਿੱਚੋਂ ਸਾਰਿਆਂ ਪੇਪਰਾਂ ਵਿੱਚੋਂ ਮੈਰਿਟ ਵਿੱਚ ਰਹੇ ਪ੍ਰੰਤੂ ਉਕਤ ਵੱਡੇ ਵੱਡੇ ਇਸ਼ਤਿਹਾਰ ਅਤੇ ਸਿੱਧੇ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਵਾਅਦੇ ਕਰਕੇ ਬੀਬੀ ਨੂੰ ਇੱਕ ਵਾਰ ਵੀ ਕਿਸੇ ਮੁਕਾਬਲੇ ਵਿੱਚ ਨਹੀਂ ਬੁਲਾਇਆ ਗਿਆ ਅਤੇ ਨਾ ਹੀ ਬਣਦਾ ਸਨਮਾਨ ਦਿੱਤਾ ਗਿਆ ਹੈ ਪ੍ਰੰਤੂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਭਗਤ ਕਬੀਰ ਵੈਲਫੈਅਰ ਫਾਊਂਡੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਸੰਸਥਾ ਦੇ ਕੈਸ਼ੀਅਰ ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਬੀਬੀ ਜੀ ਦੀ ਇਸ ਘਾਲਣਾ ਨੂੰ ਸਿਰਮੱਥੇ ਮੰਨਦਿਆਂ ਪੂਰਾ ਮਾਨ-ਸਨਮਾਨ ਦੇਵਾਂਗੇ।