ਖੋਜ ਕੇਂਦਰ ਸਿੱਖ ਵਿਰਾਸਤ ਸਾਂਭਣ ਵਾਲਾ ਬੇਸ਼ਕੀਮਤੀ ਅਜੂਬਾ ਹੋਵੇਗਾ: ਜੀ.ਕੇ.

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 4 ਨਵੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਸਾਰੇ ਜਾ ਰਹੇ 'ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟਡੀਜ਼' ਖੋਜ ਕੇਂਦਰ ਦੇ ਉਸਾਰੀ ਕਾਰਜਾਂ ਦਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਾਇਜਾ ਲਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ. ਬਾਦਲ ਨੂੰ ਖੋਜ ਕੇਂਦਰ ਦੀ ਖੂਬੀਆਂ ਬਾਰੇ ਦਸਿਆ। ਜੀ.ਕੇ. ਨੇ ਦਸਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਏ ਬਾਣੀ ਦੇ ਸਫ਼ਰ ਨੂੰ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਦੇ ਕੇ ਪ੍ਰਵਾਨ ਚੜ੍ਹਾਇਆ, ਉਸ ਦਾ ਪੂਰਾ 

ਵੇਰਵਾ ਖੋਜ ਕੇਂਦਰ 'ਚ ਮੌਜੂਦ ਹੋਵੇਗਾ। ਇਸ ਸਬੰਧੀ ਉੱਚ ਤਕਨੀਕ ਦੇ ਸਾਊਂਡ ਸਿਸਟਮ ਨਾਲ ਲੈਸ ਆਡੀਟੋਰੀਅਮ ਦੇ ਢਾਂਚੇ ਦੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਵਲੋਂ ਰੱਖੇ ਗਏ ਖੋਜ ਕੇਂਦਰ ਦੇ ਨੀਂਹ ਪੱਥਰ ਨੂੰ ਹਾਲਾਂਕਿ ਅਪਣੀ ਮੰਜ਼ਲ ਦੀ ਪ੍ਰਾਪਤੀ ਲਈ ਕਈ ਦਹਾਕਿਆਂ ਦਾ ਇੰਤਜ਼ਾਰ ਕਰਨਾ ਪਿਆ ਹੈ ਪਰ ਤਿਆਰੀ ਮੁਕੱਮਲ ਹੋਣ ਉਪ੍ਰੰਤ ਖੋਜ ਕੇਂਦਰ ਸਿੱਖ ਕੌਮ ਦੀ ਵੱਡਮੁੱਲੀ ਵਿਰਾਸਤ ਨੂੰ ਸਾਂਭਣ ਵਾਲਾ ਬੇਸ਼ਕੀਮਤੀ ਅਜੂਬਾ ਹੋਵੇਗਾ। ਸ. ਸਿਰਸਾ ਨੇ ਗੁਰੂ ਗੋਬਿੰਦ ਸਿੰਘ ਭਵਨ 'ਚ ਬਣਾਏ ਜਾ ਰਹੇ ਖੋਜ ਕੇਂਦਰ ਲਈ ਬੀਤੇ ਵਰ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਲੀ ਕਮੇਟੀ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਲਈ ਸ. ਬਾਦਲ ਦਾ ਧਨਵਾਦ ਵੀ ਕੀਤਾ।