ਕੀ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਦੇ ਦਿਤੀ ਹੈ ਦਸਮ ਗ੍ਰੰਥ ਨੂੰ ਮਾਨਤਾ?

ਪੰਥਕ, ਪੰਥਕ/ਗੁਰਬਾਣੀ




ਨੰਗਲ, 2 ਸਤੰਬਰ (ਕੁਲਵਿੰਦਰ ਭਾਟੀਆ):  ਆਰਐਸਐਸ ਵਲੋਂ ਸਿੱਖਾਂ ਉਪਰ ਦਸਮ ਗ੍ਰੰਥ ਦੇ ਨਾਂਅ 'ਤੇ ਕੀਤੇ ਜਾ ਰਹੇ ਹਮਲੇ ਨੰਗਲ ਸ਼ਹਿਰ ਵਿਚ ਵੀ ਪਹੁੰਚ ਗਏ ਹਨ। ਬੀਤੇ ਦਿਨੀ ਇਤਿਹਾਸਿਕ ਗੁਰਦਵਾਰਾ ਬਿਭੌਰ ਸਾਹਿਬ ਵਿਚ ਬਾਬਾ ਬੰਤਾ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ 'ਚਰਿਤਰੋ ਪਖਯਾਨ' ਦੀ ਕਥਾ ਕਰ ਗਿਆ ਅਤੇ ਕਿਸੇ ਨੇ ਵੀ ਰੋਕਣ ਦੀ ਹਿੰਮਤ ਨਹੀਂ ਕੀਤੀ। ਸੱਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਲੋਂ ਸਾਫ਼ ਹੀ ਕਹਿ ਦਿਤਾ ਗਿਆ ਕਿ ਕਾਮ ਕੋਈ ਬੁਰੀ ਗੱਲ ਨਹੀਂ, ਮੈਂ ਅਤੇ ਤੁਸੀ ਵੀ ਕਾਮ ਤੋਂ ਹੀ ਪੈਦਾ ਹੋਏ ਹੋ। ਇਨ੍ਹਾਂ ਗੱਲਾਂ ਨੇ ਇਕ ਵਾਰ ਫਿਰ ਸਾਫ਼ ਕਰ ਦਿਤਾ ਕਿ ਆਰਐਸਐਸ ਦੇ ਪ੍ਰਚਾਰਕ ਕੌਮ 'ਤੇ ਭਾਰੂ ਹੋ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਜਾਂ ਤਾਂ ਉਨ੍ਹਾਂ ਅੱਗੇ ਹਤਾਸ਼ ਹੈ ਅਤੇ ਅੱਖਾਂ ਮੀਟ ਕੇ ਬੈਠ ਗਈ ਹੈ ਜਾਂ ਫਿਰ ਉਨ੍ਹਾਂ ਕੋਲ ਅਪਣੇ ਪ੍ਰਚਾਰਕ ਮੁੱਕ ਗਏ ਹਨ। ਇਸ ਸਬੰਧੀ ਜਦੋ ਬਾਬਾ ਬੰਤਾ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਪੀ.ਏ. ਬਾਬਾ ਲਾਭ ਸਿੰਘ ਨਾਲ ਗੱਲ ਹੋਈ ਕਿਉਂਕਿ ਬਾਬਾ ਜੀ ਇੰਗਲੈਂਡ ਚਲੇ ਗਏ ਹਨ। ਬਾਬਾ ਲਾਭ ਸਿੰਘ ਨੇ ਕਿਹਾ ਕਿ ਦਸਮ ਗੰ੍ਰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਇਸ ਲਈ ਉਸ ਦੀ ਕਥਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਦੀ ਬਾਣੀ ਬਿਲਕੁਲ ਠੀਕ ਹੈ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਇਸ ਵਿਸ਼ੇ 'ਤੇ ਕਥਾ ਕਰਨੀ ਜ਼ਰੂਰੀ ਹੈ? ਤਾਂ ਉੁਨ੍ਹਾਂ ਕਿਹਾ ਕਿ ਸੰਗਤ ਦੇ ਸ਼ੰਕੇ ਹਨ ਜੋ ਦੂਰ ਕਰਨੇ ਜ਼ਰੂਰੀ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਿੰ੍ਰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹਨ। ਇਸ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪ੍ਰਕਾਸ਼ਮਾਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਗੁਰਬਾਣੀ ਦੇ ਬਰਾਬਰ ਮਾਨਤਾ ਦੇਣੀ ਚਾਹੀਦੀ ਹੈ।
ਉਨ੍ਹਾਂ ਪੰਥਕ ਵਿਦਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਵਿਚ ਵਾਦ ਵਿਵਾਦ ਵਾਲੇ ਮੁਦਿਆਂ ਨੂੰ ਪੰਥਕ ਸਟੇਜਾਂ ਉਪਰ ਉਠਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਪਣੀ ਪਰੰਪਰਾ ਤੇ ਹੋਂਦ ਨੂੰ ਕਾਇਮ ਰੱਖਣ ਲਈ ਪੰਥ ਪ੍ਰਵਾਨਤ ਕਥਾ ਹੀ ਗੂਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਕਰਵਾਉਣੀ ਚਾਹੀਦੀ ਹੈ।