ਕਿਹੜੇ ਆਗੂ ਸਿਰ ਸਜੇਗਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ?

ਪੰਥਕ, ਪੰਥਕ/ਗੁਰਬਾਣੀ

ਬਰਨਾਲਾ, 12 ਨਵੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੀ 29 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਜਿਥੇ ਮੌਜਦਾ ਪ੍ਰਧਾਨ ਦੇ ਨਾਲ-ਨਾਲ ਦੋ ਸਾਬਕਾ ਪ੍ਰਧਾਨਾਂ ਅਤੇ ਇਕ ਸੰਤ ਦਾ ਨਾਮ ਚਰਚਾ ਵਿਚ ਹੈ, ਉਥੇ ਐਸ. ਜੀ. ਪੀ. ਸੀ. ਦੀ ਵਰਕਿੰਗ ਕਮੇਟੀ ਦੇ ਦੋ ਮੌਜੂਦਾ ਮੈਂਬਰਾਂ ਦੇ ਨਾਮ ਵੀ ਉਭਰ ਕੇ ਸਾਹਮਣੇ ਆ ਰਹੇ ਹਨ।
ਭਾਵੇਂ ਇਸ ਚੋਣ ਲਈ ਸ੍ਰੋਮਣੀ ਗੁਰਦੁਵਾਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦੁਬਾਰਾ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਲ ਹਨ, ਪਰ ਭਰੋਸੇਯੋਗ ਸੂਤਰਾਂ ਮੁਤਾਬਕ ਸੰਤ ਬਲਵੀਰ ਸਿੰਘ ਘੁੰਨਸ ਦੇ ਨਾਮ ਦੀ ਸੱਭ ਤੋਂ ਵੱਧ ਚਰਚਾ ਹੋ ਰਹੀ ਹੈ। ਪਿਛਲੇ ਤੀਹ ਸਾਲਾਂ ਤੋਂ ਸਿਆਸਤ ਵਿਚ ਸਰਗਰਮ ਹੋਏ ਅਤੇ ਬਾਦਲ ਪਰਵਾਰ ਦੇ ਵਫ਼ਾਦਾਰ ਮੰਨੇ ਜਾਂਦੇ ਸੰਤ ਬਲਵੀਰ ਸਿੰਘ ਘੁੰਨਸ ਦੀ ਦਾਅਵੇਦਾਰੀ ਸੱਭ ਤੋਂ ਮਜ਼ਬੂਤ ਮੰਨੀ ਜਾਂਦੀ ਹੈ ਕਿ ਕਿਉਂਕਿ ਬਾਦਲ ਪਰਵਾਰ ਦੇ ਨਾਲ-ਨਾਲ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਵੀ ਉਨ੍ਹਾਂ ਨੂੰ ਅਸ਼ੀਰਵਾਦ ਮਿਲ ਸਕਦਾ ਹੈ। ਇਸ ਦੇ ਨਾਲ-ਨਾਲ ਅਪਣੇ ਸਿਆਸੀ ਜੀਵਨ ਵਿਚ ਨਿਰਵਿਵਾਦਾਂ ਰਹਿਣ ਵਾਲੇ ਸੰਤ ਘੁੰਨਸ ਦੇ ਨਾਮ 'ਤੇ ਸੰਤ ਸਮਾਜ ਵੀ ਮੋਹਰ ਲਗਾ ਸਕਦਾ ਹੈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਲ ਦੱਸੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵਸਾਲੀ ਆਗੂ ਸ. ਸੇਵਾ ਸਿੰਘ ਸੇਖਵਾਂ ਵੀ ਅਤੇ ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਕੁਲਵੰਤ ਸਿੰਘ ਮੰਨਣ ਤੇ ਅਮਰਜੀਤ ਸਿੰਘ ਚਾਵਲਾ ਦੇ ਨਾਵਾਂ ਦੀ ਸਿਆਸੀ ਗਲਿਆਰਿਆਂ ਵਿਚ ਚਰਚਾ ਹੋ ਰਹੀ ਹੈ। ਵਰਨਣਯੋਗ ਹੈ ਕਿ ਮੌਜੂਦਾ ਪ੍ਰਧਾਨ ਪ੍ਰੋ: ਬਡੂੰਗਰ ਵਲੋਂ ਅਪਣੇ ਕਾਰਜਕਾਲ ਦੌਰਾਨ ਥੋਕ ਵਿਚ ਕੀਤੀਆਂ ਨਿਯੁਕਤੀਆਂ ਜਿਥੇ ਉਨ੍ਹਾਂ ਦੇ ਦੁਬਾਰਾ ਪ੍ਰਧਾਨਗੀ ਦੇ ਰਾਹ ਵਿਚ ਰੋੜਾ ਬਣ ਸਕਦੀਆਂ ਹਨ, ਉਥੇ ਆ ਰਹੀਆਂ ਲੋਕ ਸਭਾ ਚੋਣਾਂ ਅਤੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਸੰਤ ਸਮਾਜ ਅਤੇ ਭਾਜਪਾ ਨੂੰ ਖ਼ੁਸ਼ ਰਖਣ ਲਈ ਸੰਤ ਘੁੰਨਸ ਦਾ ਗੁਣਾ ਪੈ ਸਕਦਾ ਹੈ।  
ਇਸ ਤੋਂ ਇਲਾਵਾ ਕੁਲਵੰਤ ਸਿੰਘ ਮੰਨਣ ਵੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ ਕਿਉਂਕਿ ਭਾਵੇਂ ਮੰਨਣ ਜਿਥੇ ਮਜ਼ਬੂਤ ਆਧਾਰ ਵਾਲੇ ਟਕਸਾਲੀ ਆਗੂ ਹਨ, ਉਥੇ ਦਲਜੀਤ ਸਿੰਘ ਚੀਮਾ ਵਰਗੇ ਕਈ ਵੱਡੇ ਅਕਾਲੀ ਆਗੂਆਂ ਦਾ ਉਨ੍ਹਾਂ ਨੂੰ ਅਸ਼ੀਰਵਾਦ ਵੀ ਪ੍ਰਾਪਤ ਹੈ।
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰੇਤ ਵਿਚ ਇਨ੍ਹਾਂ ਨਾਵਾਂ ਦੀਆਂ ਚਰਚਾਵਾਂ ਚਲ ਰਹੀਆਂ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰ: ਪਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸ ਆਗੂ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਉਂਦੇ ਹਨ ਇਸ ਸਬੰਧੀ ਤਾਂ 29 ਨਵੰਬਰ ਨੂੰ ਹੀ ਪਤਾ ਲੱਗੇਗਾ।