ਕੁੱਝ ਡੇਰੇਦਾਰਾਂ ਵਲੋਂ ਰਹਿਤ ਮਰਿਆਦਾ ਨੂੰ ਮੁੜ ਬਦਲਣ ਦੇ ਯਤਨ ਸ਼ੁਰੂ

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 3 ਫ਼ਰਵਰੀ (ਚਰਨਜੀਤ ਸਿੰਘ): ਕੁੱਝ ਡੇਰੇਦਾਰਾਂ ਨੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਇਕ ਵਾਰ ਮੁੜ ਤੋਂ ਬਦਲਣ ਲਈ ਯਤਨ ਸ਼ੁਰੂ ਕਰ ਦਿਤੇ ਹਨ। ਇਸ ਲਈ ਕੁੱਝ ਧਾਰਮਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੀਟਿੰਗਾਂ ਵੀ ਸ਼ੁਰੂ ਕਰ ਦਿਤੀਆਂ ਹਨ ਤੇ ਉਨ੍ਹਾਂ ਧੜਿਆਂ ਨੂੰ ਆਸ ਹੈ ਕਿ ਲੌਂਗੋਵਾਲ ਜੋ ਖ਼ੁਦ ਇਕ ਡੇਰੇ ਦੇ ਮੁਖੀ ਹਨ, ਸਿੱਖ ਰਹਿਤ ਮਰਿਆਦਾ ਵਿਚ ਉਨ੍ਹਾਂ ਦੀ ਮਨਸ਼ਾ ਮੁਤਾਬਕ ਤਬਦੀਲੀਆਂ ਕਰ ਦੇਣਗੇ।
ਦਮਦਮੀ ਟਕਸਾਲ ਦੇ ਸਾਰੇ ਧੜਿਆਂ ਨੇ ਕਰੀਬ 2 ਸਾਲ ਪਹਿਲਾਂ ਵੀ ਇਹ ਕੋਸ਼ਿਸ਼ ਕੀਤੀ ਸੀ ਪਰ ਇਹ ਕੋਸ਼ਿਸ਼ ਸਫ਼ਲ ਨਹੀਂ ਸੀ ਹੋ ਸਕੀ। ਹੁਣ ਫਿਰ ਇਕ ਵਾਰ ਮੁੜ ਤੋਂ ਅਕਾਲ ਤਖ਼ਤ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀਆਂ ਕਰਨ ਲਈ ਕੁੱਝ ਧਿਰਾਂ ਯਤਨਸ਼ੀਲ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਇਸ ਕਾਰਜ ਨੂੰ ਨੇਪਰੇ ਚਾੜਣ ਲਈ ਸ਼ੋਮਣੀ ਕਮੇਟੀ ਦੇ ਕੁੱਝ ਅਧਿਕਾਰੀ ਵੀ ਪੱਬਾਂ ਭਾਰ ਹੋਏ ਹਨ ਤੇ ਉਨ੍ਹਾਂ ਅਧਿਕਾਰੀਆਂ ਦੀ ਦਿਲੀ ਇੱਛਾ ਹੈ ਕਿ ਸਿੱਖ ਮਰਿਆਦਾ ਵਿਚ ਸੋਧ ਕਰ ਕੇ ਇਸ ਨੂੰ ਸੰਤ ਸਮਾਜ ਦੀਆਂ ਭਾਵਨਾਵਾਂ ਮੁਤਾਬਕ ਤਿਆਰ ਕਰ ਕੇ ਲਾਗੂ ਕਰ ਦਿਤਾ ਜਾਵੇ। ਇਸ ਮਾਮਲੇ 'ਤੇ ਸਰਗਰਮ ਧਿਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਸਿੱਖ ਰਹਿਤ ਮਰਿਆਦਾ ਵਿਚ ਤਬਦੀਲੀਆਂ ਕਰਨ ਲਈ ਜ਼ੋਰ ਪਾਇਆ ਪਰ ਜਥੇਦਾਰ ਨੇ ਇਸ ਮਾਮਲੇ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿਤਾ ਸੀ।