ਕੁਲ ਦੁਨੀਆਂ 'ਚ ਮਨਾਇਆ ਗਿਆ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ, 4 ਨਵੰਬਰ : ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਅੱਜ ਦੇਸ਼ ਤੇ ਦੁਨੀਆਂ ਵਿਚ ਸ਼ਰਧਾ ਤੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਦਿੱਲੀ, ਪੰਜਾਬ, ਹਰਿਆਣਾ ਸਮੇਤ ਹਰ ਥਾਈਂ ਸ਼ਰਧਾਲੂਆਂ ਨੇ ਸਵੇਰ ਦੀ ਠੰਢ ਦੀ ਪਰਵਾਹ ਨਾ ਕਰਦਿਆਂ ਗੁਰਦਵਾਰਿਆਂ ਵਿਚ ਜਾ ਕੇ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਗੁਰਪੁਰਬ ਮੌਕੇ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਗੁਰਦਵਾਰਿਆਂ ਵਿਚ ਜਾ ਕੇ ਸਵੇਰੇ ਪ੍ਰਾਰਥਨਾ ਕੀਤੀ ਅਤੇ ਲੰਗਰਾਂ ਤੇ ਸ਼ਬਦ-ਕੀਰਤਨਾਂ ਵਿਚ ਹਿੱਸਾ ਲਿਆ। ਸ਼ਰਧਾਲੂਆਂ ਨੇ ਸਰੋਵਰਾਂ ਵਿਚ ਵੀ ਡੁਬਕੀ ਲਗਾਈ। ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੂੰ 

ਰੌਸ਼ਨੀਆਂ ਨਾਲ ਸਜਾਇਆ ਗਿਆ ਸੀ ਅਤੇ ਹਜ਼ਾਰਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਲੰਗਰ ਛਕਿਆ। ਇਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ। ਗੁਰੂ ਨਾਨਕ ਦੇਵ ਦਾ ਜਨਮ 1469 ਨੂੰ ਲਾਹੌਰ ਲਾਗੇ ਨਨਕਾਣਾ ਸਾਹਿਬ ਵਿਚ ਹੋਇਆ ਸੀ ਜਿਹੜਾ ਅੱਜ ਪਾਕਿਸਤਾਨ ਵਿਚ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਦਸਿਆ ਕਿ ਪ੍ਰਕਾਸ਼ ਉਤਸਵ ਮੌਕੇ ਗੁਰਦਵਾਰਾ ਨਨਕਾਣਾ ਸਾਹਿਬ ਵਿਚ ਹੋਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਕਰੀਬ 2600 ਸਿੱਖ ਯਾਤਰੀ ਪਾਕਿਸਤਾਨ ਗਏ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ 'ਤੇ ਲੋਕਾਂ ਨੂੰ ਵਧਾਈ ਦਿਤੀ।       (ਏਜੰਸੀ)