ਲੰਗਰ 'ਤੇ ਜੀ.ਐਸ.ਟੀ. ਸਬੰਧੀ ਅਰੁਣ ਜੇਤਲੀ ਦਾ ਬਿਆਨ ਗੁਮਰਾਹਕੁਨ: ਭਾਈ ਲੌਂਗੋਵਾਲ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 3 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਗੁਰੂ ਘਰਾਂ ਵਿਚ ਲੰਗਰ 'ਤੇ ਜੀ.ਐਸ.ਟੀ. ਸਬੰਧੀ ਬਿਆਨ ਨੂੰ ਗੁਮਰਾਹਕੁਨ ਕਰਾਰ ਦਿਤਾ ਹੈ। ਸ਼੍ਰੋਮਣੀ ਕਮੇਟੀ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਦਾ ਬਿਆਨ ਸਹੀ ਨਹੀਂ ਹੈ। ਜੇਤਲੀ ਆਖ ਰਹੇ ਹਨ ਕਿ ਗੁਰੂ ਕੇ ਲੰਗਰ ਲਈ ਰਸਦਾਂ 'ਤੇ ਜੀ.ਐਸ.ਟੀ. ਨਹੀਂ ਹੈ, ਜਦਕਿ ਅਸਲੀਅਤ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ

 ਸਰਕਾਰ ਵਿਚ ਇਕ ਜ਼ਿੰਮੇਵਾਰ ਵਿਅਕਤੀ ਦਾ ਅਜਿਹਾ ਬਿਆਨ ਕੇਂਦਰ ਸਰਕਾਰ ਦੀ ਵਿਵਸਥਾ 'ਤੇ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਦਸਿਆ ਕਿ ਜਦ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਕੀਤਾ ਗਿਆ ਹੈ, ਉਦੋਂ ਤੋਂ ਹੀ ਗੁਰੂ ਘਰ ਅੰਦਰ ਲੰਗਰਾਂ ਲਈ ਖ਼ਰੀਦ ਕੀਤੀਆਂ ਜਾਂਦੀਆਂ ਰਸਦਾਂ 'ਤੇ ਇਸ ਟੈਕਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਉਦੋਂ ਤੋਂ ਲੈ ਕੇ ਹੁਣ ਤਕ ਇਸ ਟੈਕਸ ਵਿਰੁਧ ਆਵਾਜ਼ ਉਠਾਈ ਜਾ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਸਮੇਤ ਸੰਸਦ ਮੈਂਬਰਾਂ ਨੂੰ ਵੀ ਪੱਤਰ ਲਿਖੇ ਜਾ ਚੁੱਕੇ ਹਨ। ਜੇ ਲੰਗਰ 'ਤੇ ਜੀ.ਐਸ.ਟੀ. ਮਾਫ਼ ਹੈ ਤਾਂ ਸਰਕਾਰ ਵਲੋਂ ਇਸ ਸਬੰਧੀ ਸਰਕੂਲਰ ਕਿਉਂ ਨਹੀਂ ਜਾਰੀ ਕੀਤਾ ਗਿਆ।