ਲੌਂਗੋਵਾਲ ਕਾਰਨ ਸ਼੍ਰੋਮਣੀ ਅਕਾਲੀ ਦਲ 'ਚ ਖਿਲਾਰਾ ਪੈਣ ਦੀ ਸੰਭਾਵਨਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 3 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਦੇਸ਼ ਵਿਦੇਸ਼ ਦੇ ਸਿੱਖ ਹਲਕਿਆਂ 'ਚ ਡੇਰਾ ਸੌਦਾ ਸਾਧ ਦੇ ਮੱਸਲੇ 'ਚ ਚਰਚਾ ਦਾ ਵਿਸ਼ਾ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਾਰਨ ਸ਼੍ਰੋਮਣੀ ਅਕਾਲੀ ਦਲ 'ਚ ਖਿਲਾਰਾ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਟਕਸਾਲੀ ਅਕਾਲੀ ਬੁਰੀ ਤਰ੍ਹਾਂ ਖਫ਼ਾ ਹਨ ਕਿ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹ ਆਖ ਰਹੇ ਹਨ ਕਿ ਜੋ ਭੁੱਲ ਬਖਸ਼ਾ ਲੈਂਦਾ ਹੈ, ਉਸ ਨੂੰ ਮੁੜ ਪੰਥ 'ਚ ਸ਼ਾਮਲ ਕਰ ਲਿਆ ਜਾਂਦਾ ਹੈ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਘੜੀ-ਮੁੜੀ ਇਹ ਆਖ ਰਹੇ ਹਨ ਕਿ ਉਹ ਸੌਦਾ ਸਾਧ ਦੇ ਡੇਰੇ ਗਿਆ ਹੀ ਨਹੀਂ। ਸਿੱਖ ਕੌਮ ਦੇ ਇੰਨ੍ਹਾਂ ਆਗੂਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਹਾਸੋਹੀਣੀ ਬਣ ਗਈ ਹੈ ਤੇ ਇਹ ਗਲਤੀ ਤੇ ਗਲਤੀ ਕਰ ਰਹੇ ਹਨ, ਜਿਸ ਤਰ੍ਹਾਂ ਜਾਪਦਾ ਹੈ ਕਿ ਸਮਾਂ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ। ਸ਼੍ਰੋਮਣੀ ਅਕਾਲੀ ਦਲ ਕੋਲ ਵਿਰੋਧੀ ਧਿਰ ਦੀ ਜੁੰਮੇਵਾਰੀ ਨਾ ਹੋਣ ਕਾਰਨ ਇਸ ਦੀ ਦਰਾੜ ਸ਼੍ਰੋਮਣੀ ਕਮੇਟੀ ਦਾ ਪ੍ਰਭਾਵਸ਼ਾਲੀ ਪ੍ਰਧਾਨ ਭਰਨ ਦੀ ਸਮੱਰਥਾ ਰੱਖਦਾ ਸੀ ਪਰ ਨਵਾਂ ਪ੍ਰਧਾਨ ਭਾਈ ਲੌਂਗੋਵਾਲ ਵਿਵਾਦਾਂ 'ਚ ਬੁਰੀ ਤਰ੍ਹਾਂ ਘਿਰਿਆ ਹੈ। ਸਿੱਖ ਤੇ ਸਿਆਸੀ ਹਲਕੇ ਇਹ ਮੰਨ ਕੇ ਚੱਲ ਰਹੇ ਹਨ ਕਿ ਨਵਾ ਪ੍ਰਧਾਨ ਬਣਨ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਬੁਰੀ ਤਰ੍ਹਾਂ ਡਿੱਗ ਪਿਆ ਹੈ। ਕਾਂਗਰਸ ਸਰਕਾਰ ਨੂੰ ਟੱਕਰ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਪਲੇਟ ਫਾਰਮ ਸੀ ਜੋ 

ਸਿੱਖ ਮੱਸਲੇ ਉਭਾਰੇ ਜਾ ਸਕਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਪੰਥਕ ਹਲਕਿਆਂ ਅਨੁਸਾਰ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਥਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਤੋਂ ਅਸ਼ੀਰਵਾਦ ਲੈ ਰਿਹਾ ਹੈ ਤਾਂ ਜੋ ਪੰਥਕ ਧਿਰਾਂ ਦੀ ਚੁਨੌਤੀ ਦਾ ਸਾਹਮਣਾ ਕੀਤਾ ਜਾ ਸਕੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਹੁੱਦਾ ਸੰਭਾਲਣ ਬਾਅਦ ਹੁਣ ਤੱਕ ਕੋਈ ਵੀ ਅਮਿਟ ਛਾਪ ਸਿੱਖ ਹਲਕਿਆਂ 'ਚ ਛੱਡਣ 'ਚ ਅਸਫਲ ਰਹੇ ਹਨ ਤੇ ਭਵਿੱਖ ਵਿਚ ਅਜਿਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਸਿੱਖ ਹਲਕਿਆਂ ਵੱਲੋਂ ਦਾਅਵੇ ਕੀਤੀ ਜਾ ਰਹੀ ਹੈ। ਇਸ ਵੇਲੇ ਪੰਥਕ ਦਲ ਖੁੱਲ ਕੇ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਸਾਹਮਣੇ ਆ ਗਏ ਹਨ ਕਿ ਉਸ ਦੀ ਸੋਚ ਤੇ ਡੇਰਾ ਸੌਦਾ ਸਾਧ ਵਿਚਾਰਧਾਰਾ ਭਾਰੂ ਹੈ। ਜੇਕਰ ਉਹ ਵੋਟਾਂ ਲੈਣ ਡੇਰੇ ਜਾ ਸਕਦਾ ਹੈ ਤਾਂ ਉਹ ਸਿੱਖ ਕੌਮ ਦੀ ਪ੍ਰਤੀਨਿਧਤਾ ਕਿਸ ਤਰ੍ਹਾਂ ਕਰ ਸਕਦਾ ਹੈ। ਇਹ ਪਹਿਲਾ ਪ੍ਰਧਾਨ ਹੈ ਜਿਸ ਤਾ ਅਤੀਤ ਡੇਰਾ ਸੌਦਾ ਸਾਧ ਨਾਲ ਜੁੜਿਆ ਹੈ, ਜਿਸ ਨੂੰ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਪਹਿਲਾਂ ਜੱਥੇਦਾਰ ਤੇ ਹੁਣ ਸ੍ਰੋਮਣੀ ਕਮੇਟੀ ਪ੍ਰਧਾਨ ਚੋ ਅਜਿਹੀਆਂ ਸਿੱਖ ਕੌਮ ਦੀਆਂ ਧਾਰਮਿਕ ਸ਼ਖ਼ਸੀਅਤਾਂ ਹਨ ਜੋ ਬਾਦਲਾਂ ਕਾਰਨ ਡੇਰਾ ਸੌਦਾ ਸਾਧ ਪ੍ਰਤੀ ਲਚਕਦਾਰ ਰਵੱਈਆ ਰੱਖਦੇ ਹਨ। ਅਜਿਹੀ ਸਥਿਤੀ 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।