ਤਰਨਤਾਰਨ, 5 ਦਸੰਬਰ (ਚਰਨਜੀਤ ਸਿੰਘ): ਕੀ ਅਕਾਲੀ ਦਲ ਵੀ ਵਿਵਾਦਾਂ ਵਿਚ ਘਿਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਗੋਬੁੰਦ ਸਿੰਘ ਲੌਂਗੋਵਾਲ ਦੀ ਘਰ ਵਾਪਸੀ ਲਈ ਜ਼ਮੀਨ ਤਿਆਰ ਕਰਨ ਵਿਚ ਰੁੱਝ ਗਿਆ ਹੈ? ਇਹ ਸਵਾਲ ਪੰਥਕ ਹਲਕਿਆਂ ਵਿਚ ਤੇਜ਼ੀ ਨਾਲ ਉਠਿਆ ਹੈ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਨਾਲ ਹਾਰ ਜਾਣ ਤੋਂ ਬਾਅਦ ਹਾਸ਼ੀਏ 'ਤੇ ਆਇਆ ਅਕਾਲੀ ਦਲ ਹੁਣ ਪੰਥਕ ਧਿਰਾਂ ਨੂੰ ਹੋਰ ਮੌਕਾ ਦੇਣ ਦੇ ਰੌਂਅ ਵਿਚ ਨਹੀਂ। ਅਕਾਲੀ ਦਲ ਹੁਣ ਵਿਰੋਧੀ ਧਿਰ ਨੂੰ ਕੋਈ ਨਵਾਂ ਮੌਕਾ ਦੇਣ ਲਈ ਤਿਆਰ ਨਹੀਂ, ਇਸ ਲਈ ਲੌਂਗੋਵਾਲ ਕੋਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਾਪਸ ਲੈਣ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ। ਸੂਤਰਾਂ ਮੁਤਾਬਕ ਲੌਂਗੋਵਾਲ ਦੇ ਬਦਲ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰ ਦਸਦੇ ਹਨ ਕਿ ਜਿਸ ਤੇਜ਼ੀ ਨਾਲ ਲੌਂਗੋਵਾਲ ਦੀ ਪ੍ਰਧਾਨ ਬਣਦੇ ਸਾਰ ਹੀ ਪੰਥਕ ਹਲਕਿਆਂ ਵਿਚ ਵਿਰੋਧਤਾ ਸ਼ੁਰੂ ਹੋਈ, ਉਸ ਨਾਲ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸਕਤੇ ਵਿਚ ਹਨ। ਨਿਰਵਿਵਾਦ ਪ੍ਰਧਾਨ ਦੀ ਭਾਲ ਕਰਦੇ-ਕਰਦੇ ਇਕ ਵਿਵਾਦਤ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਅਹੁਦੇ 'ਤੇ ਬਿਠਾ ਦਿਤਾ ਗਿਆ। ਲੌਂਗੋਵਾਲ ਦੀਆਂ ਵਾਇਰਲ ਹੋ ਰਹੀਆਂ ਵੀਡੀਉ ਅਤੇ ਡੇਰਾ ਸਿਰਸਾ ਜਾਣ ਦਾ ਵਿਵਾਦ ਦਾ ਗੁਭਾਰ ਅਜਿਹਾ ਉਲਿਆ ਹੈ ਕਿ ਉਹ ਇਕ ਜਾਣੇ-ਪਛਾਣੇ ਰਾਜਨੀਤਕ ਨੂੰ ਉਡਾ ਕੇ ਲੈ ਜਾਣ ਵਿਚ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ। ਲੌਂਗੋਵਾਲ ਦੇ ਬਦਲ ਲਈ ਤਿੰਨ ਥਿਉਰੀਆਂ 'ਤੇ ਵਿਚਾਰ ਕੀਤੀ ਜਾ ਰਹੀ ਦਸੀ ਜਾ ਰਹੀ ਹੈ।