ਸੰਗਰੂਰ,
5 ਸਤੰਬਰ (ਗੁਰਦਰਸ਼ਨ ਸਿੰਘ ਸਿੱਧੂ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਲੋਂ
ਗੁਰਮਤਿ ਦੇ ਪ੍ਰਚਾਰ ਲਈ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ
ਨੇ ਹਾਜ਼ਰੀ ਭਰੀ।
ਇਸ ਸਮੇਂ ਸੰਗਤ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ
ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਦਿਸ਼ਾਹੀਨ ਸਮਾਜ ਨੂੰ ਕੇਵਲ
ਗੁਰਬਾਣੀ ਦੇ ਸਹਾਰੇ ਹੀ ਅੱਗੇ ਤੋਰਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ
ਦੇ ਪ੍ਰਕਾਸ਼ ਰਾਹੀਂ ਹੀ ਸਾਡਾ ਭਲਾ ਹੋ ਸਕਦਾ ਹੈ ਪਰ ਜੇਕਰ ਅਸੀਂ ਇਸ ਨੂੰ ਸਮਝਣ ਦਾ ਯਤਨ
ਕਰੀਏ ਤਾਂ। ਪੰਜਾਬ ਵਿਚ ਡੇਰਾਵਾਦ ਦੇ ਪਾਖੰਡ ਨੇ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਅਪਣੀ
ਪਕੜ ਵਿਚ ਲਿਆ ਹੋਇਆ ਹੈ। ਇਨ੍ਹਾਂ ਡੇਰਿਆਂ ਦੇ ਪਖੰਡੀ ਮੁਖੀਆਂ ਨੇ ਸਾਡੇ ਭੋਲੇ-ਭਾਲੇ
ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਲੁਟਿਆ ਹੈ ਜਿਸ ਵਿਚ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਨ
ਦੇ ਨਾਲ ਨਾਲ ਦਿਮਾਗ ਵੀ ਖਾਲੀ ਕਰ ਦਿਤੇ ਹਨ ਤਾਂ ਕਿ ਉਹ ਲੋਕ ਸੱਚ ਦੀ ਪਛਾਣ ਕਰ ਹੀ ਨਾ
ਸਕਣ। ਲੋਕਾਂ ਨੂੰ ਗੁਰਬਾਣੀ ਦਾ ਸੱਚ ਦਸਣ ਦੀ ਥਾਂ ਆਪਣੇ ਨਾਲ ਜੁੜਨ ਦੀ ਪ੍ਰੇਰਨਾ ਵਧੇਰੇ
ਦਿਤੀ ਜਾ ਰਹੀ ਹੈ।
ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਸ਼੍ਰੋਮਣੀ ਕਮੇਟੀ
ਤੇ ਜਥੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਨਾ ਸਹੀ ਢੰਗ ਨਾਲ
ਗੁਰਬਾਣੀ ਦਾ ਪ੍ਰਚਾਰ ਕੀਤਾ ਗਿਆ ਤੇ ਨਾ ਹੀ ਗੁਰੂ ਘਰਾਂ ਵਿਚ ਰਹਿਤ ਮਰਿਆਦਾ ਲਾਗੂ ਕਰਵਾਈ
ਗਈ ਜਿਸ ਦੇ ਸਿੱਟੇ ਵਜੋਂ ਡੇਰੇਦਾਰਾਂ ਵਲੋਂ ਆਪੋ-ਅਪਣੇ ਤਰੀਕੇ ਨਾਲ ਸੰਗਤ ਨੂੰ ਅਪਣੇ
ਚੁੰਗਲ ਵਿਚ ਫਸਾਇਆ ਗਿਆ।
ਇਸ ਮੌਕੇ ਭਾਈ ਢਡਰੀਆਂ ਵਾਲਿਆਂ ਨੇ ਆਈ ਸੰਗਤ ਦਾ ਧਨਵਾਦ ਕੀਤਾ ਤੇ ਅਗਲੇ ਮਹੀਨਾਵਰ ਸਮਾਗਮ 7 ਅਕਤੂਬਰ 2017 ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਬੇਨਤੀ ਕੀਤੀ।