ਮਾ. ਜੌਹਰ ਸਿੰਘ ਨੂੰ ਮੱਥਾ ਟੇਕਣ ਤੋਂ ਰੋਕਣ ਦੀ ਕਾਰਵਾਈ ਦਰੁਸਤ : ਭਾਈ ਲੌਂਗੋਵਾਲ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 16  ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪਸ਼ਟ ਕੀਤਾ ਹੈ ਕਿ ਮਾਸਟਰ ਜੌਹਰ ਸਿੰਘ ਨੂੰ ਮੱਥਾ ਟੇਕਣ ਤੋਂ ਰੋਕਣ ਦੀ ਕਾਰਵਾਈ ਦਰੁਸਤ ਸੀ, ਜਿਸ ਨੂੰ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦਿਤਾ ਸੀ। ਵਿਦੇਸ਼ਾਂ 'ਚ 400 ਤੋਂ ਵਧੇਰੇ ਗੁਰਦੁਆਰਾ ਕਮੇਟੀਆਂ ਵਲੋਂ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ 'ਤੇ ਲਾਈ ਗਈ ਰੋਕ ਬਾਰੇ ਭਾਈ ਲੌਂਗੋਵਾਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗੁਰੂ ਘਰ ਵਿਖੇ ਮੱਥਾ ਟੇਕਣ ਤੇ ਲੰਗਰ ਛਕਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਸਿਆਸੀ ਸਰਗਮੀਆਂ 'ਤੇ ਲਾਈ ਰੋਕ ਦਾ ਉਹ ਸਵਾਗਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਮਾ. ਜੌਹਰ ਸਿੰਘ ਨੂੰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਨਾਕੇ ਲਾ ਕੇ ਰੋਕਿਆ ਅਤੇ ਸੱਤ ਦਿਨ ਲਗਾਤਾਰ ਉਸ ਨੂੰ ਮੱਥਾ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਹੀਂ ਟੇਕਣ ਦਿਤਾ ਤਾਂ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਦਰੁਸਤ ਦਸਿਆ। ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਜੇ ਇਕ ਸਿੱਖ ਨੂੰ ਮੱਥਾ ਟੇਕਣ ਤੇ ਲੰਗਰ 'ਚੋਂ ਸੇਵਾ ਕਰਨ ਤੋਂ ਇਹ ਕਹਿ ਕੇ ਰੋਕਿਆ ਜਾ ਸਕਦਾ ਹੈ ਕਿ ਉਹ ਪੰਥ ਵਿਚੋਂ ਛੇਕਿਆ ਹੈ ਤਾਂ ਫਿਰ ਜਿਹੜੇ ਅਧਿਕਾਰੀਆਂ 'ਤੇ ਸਾਲ 1984 'ਚ ਪਹਿਲਾਂ ਸਾਕਾ ਨੀਲਾ ਤਾਰਾ ਤੇ ਫਿਰ ਨਵੰਬਰ 1984 ਵਿੱਚ ਸਿੱਖਾਂ ਦੀ ਕੀਤੀ ਗਈ ਨਸ਼ਲਕੁਸ਼ੀ ਦੇ ਰੋਸ ਵਜੋਂ ਦਾਖ਼ਲਾ ਬੰਦ ਕੀਤਾ ਹੈ ਤਾਂ ਉਸ ਬਾਰੇ ਵੀ ਸਪਸ਼ਟ ਕਰ ਦੇਣ ਕਿ ਜੇ ਸ਼੍ਰੋਮਣੀ ਕਮੇਟੀ ਮਾ. ਜੌਹਰ ਸਿੰਘ ਨੂੰ ਰੋਕ ਸਕਦੀ ਹੈ ਤਾਂ ਵਿਦੇਸ਼ੀ ਕਮੇਟੀਆ ਦਾ ਲਿਆ ਗਿਆ ਫੈਸਲਾ ਕਿਵੇਂ ਗ਼ਲਤ ਹੋ ਸਕਦਾ ਹੈ। ਇਸ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।

ਇਕ ਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਵਰਤਮਾਨ ਸਮੇਂ ਵਿਚ ਸਿੱਖ ਕਿਰਦਾਰ ਨੂੰ ਪਹਿਲਾਂ ਦੀ ਤਰ੍ਹਾਂ ਚਰਮ ਸੀਮਾ 'ਤੇ ਪਹੁੰਚਾਉਣ ਲਈ ਉਹ ਵਿਸ਼ੇਸ਼ ਯਤਨ ਕਰਨ ਅਤੇ ਸਿੱਖ ਕਿਰਦਾਰ ਨੂੰ ਢਾਅ ਲਾਉਣ ਵਾਲੇ ਲੋਕਾਂ ਵਿਰੁਧ ਬਣਦੀ ਕਾਰਵਾਈ ਵੀ ਕੀਤੀ ਜਾਵੇ। ਮਤੇ ਵਿੱਚ ਕਿਹਾ ਗਿਆ ਕਿ ਬੀਤੇ ਕੁਝ ਸਮੇਂ ਵਿਚ ਕੁਝ ਸਿੱਖ ਆਗੂਆਂ ਵਲੋਂ ਕੀਤੀ ਗਈ ਅਨੈਤਿਕ ਕਾਰਵਾਈ ਕਾਰਨ ਸਿੱਖ ਕਿਰਦਾਰ ਨੂੰ ਢਾਅ ਲੱਗੀ ਹੈ ਅਤੇ ਨੌਜਵਾਨਾਂ ਤੇ ਬੱਚਿਆਂ ਦੀ ਮਾਨਸਿਕਤਾ 'ਤੇ ਵੀ ਬੁਰਾ ਅਸਰ ਪਿਆ ਹੈ। ਇਤਿਹਾਸ ਅੰਦਰ ਸਿੱਖਾਂ ਦੇ ਕਿਰਦਾਰ ਦੀ ਮਜ਼ਬੂਤੀ ਦੀਆਂ ਉਦਾਹਰਨਾਂ ਅਤੇ ਉੱਚ ਨੈਤਿਕ ਗੁਣਾਂ ਕਾਰਨ ਪੂਰੀ ਦੁਨੀਆਂ ਅੰਦਰ ਸਿੱਖਾਂ ਦੀ ਵਿਲੱਖਣ ਸ਼ਾਨ ਸਥਾਪਤ ਹੋਈ ਸੀ, ਪਰਤੂ ਵਾਪਰੀਆਂ ਘਟਨਾਵਾਂ ਨੇ ਸਮੁੱਚੀ ਕੌਮ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ ਹੈ।ਚਰਨਜੀਤ ਸਿੰਘ ਚੱਢਾ ਦੇ ਮਸਲੇ 'ਚ ਭਾਈ ਲੌਂਗੋਵਾਲ ਸਾਹਿਬ ਬਿਆਨ ਦੇਣ ਬਾਅਦ ਉਹ ਪ੍ਰੈਸ ਕਾਨਫ਼ਰੰਸ ਛੱਡ ਕੇ ਚਲ ਪਏ ਪਰ ਪੱਤਰਕਾਰਾਂ ਵਲੋਂ ਜ਼ੋਰ ਦੇਣ 'ਤੇ ਉਹ ਬੈਠ ਗਏ।