ਅੰਮ੍ਰਿਤਸਰ, 29 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖ ਕੌਮ ਦੀ ਮਿੰਨੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਥਾਹ ਕੁਰਬਾਨੀਆਂ ਨਾਲ ਹੋਂਦ 'ਚ ਆਈ। ਇਸ ਦੇ ਸੱਭ ਤੋਂ ਲੰਮਾ ਸਮਾਂ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਰਹੇ। ਆਜ਼ਾਦੀ ਸੰਗਰਾਮ 'ਚ ਅਤੇ ਭਾਰਤ ਅਜ਼ਾਦ ਹੋਣ 'ਤੇ ਸੱਭ ਤੋਂ ਜ਼ਿਆਦਾ ਸੰਘਰਸ਼ ਸਿੱਖ ਮਸਲਿਆਂ ਸਬੰਧੀ ਮਾ. ਤਾਰਾ ਸਿੰਘ ਨੇ ਕੀਤਾ ਅਤੇ ਉਹ ਸ਼੍ਰੋਮਣੀ ਕਮੇਟੀ ਦੇ 16 ਸਾਲ ਪ੍ਰਧਾਨ ਰਹੇ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਕਮੇਟੀ ਦੇ ਬਾਨੀ ਪ੍ਰਧਾਨ ਰਹੇ। ਸਾਬਕਾ ਵਿਦੇਸ਼ ਮੰਤਰੀ ਸਵ: ਸਵਰਨ ਸਿੰਘ ਦੇ ਪਿਤਾ ਪ੍ਰਤਾਪ ਸਿੰਘ ਸ਼ੰਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਸੱਭ ਤੋਂ ਜ਼ਿਆਦਾ ਚਰਚਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਮਾ. ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਰਹੇ। ਉਸ ਸਮੇਂ ਦੇ ਨੌਜਵਾਨ ਸ਼੍ਰੋਮਣੀ ਕਮੇਟੀ ਮੈਂਬਰ ਪ੍ਰੇਮ ਸਿੰਘ ਲਾਲਪੁਰਾ ਨੇ ਜਦ ਮਾ. ਤਾਰਾ ਸਿੰਘ ਨੂੰ ਹਰਾਇਆ ਤਾਂ ਉਹ ਦੇਸ਼ ਵਿਦੇਸ਼ 'ਚ ਸੁਰਖੀਆਂ ਵਿਚ ਆ ਗਏ। ਇਸ ਦਾ ਕਾਰਨ ਇਹ ਸੀ ਕਿ ਮਾ. ਤਾਰਾ ਸਿੰਘ ਸਿੱਖਾਂ ਦੇ ਬੜੇ ਵੱਡੇ ਕੱਦ ਦੇ ਆਗੂ ਵਜੋਂ ਸਥਾਪਤ ਹੋ ਚੁੱਕੇ ਸਨ। ਸ਼੍ਰੋਮਣੀ ਕਮੇਟੀ ਐਕਟ ਲਾਗੂ ਹੋਣ ਤੋ ਪਹਿਲਾਂ ਅਤੇ ਬਾਅਦ 'ਚ ਬਣੇ ਪ੍ਰਧਾਨਾਂ ਦਾ ਵੇਰਵਾ ਇਸ ਤਰ੍ਹਾਂ ਹੈ-- ਸ਼੍ਰੋਮਣੀ ਕਮੇਟੀ ਦਾ ਐਕਟ ਲਾਗੂ ਹੋਣ ਤੋਂ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ ਜੋ 12 ਅਕਤੂਬਰ 1920 ਤੋ 14 ਅਕਤੂਬਰ 1921 ਤਕ ਪ੍ਰਧਾਨ ਰਹੇ। ਬਾਬਾ ਖੜਕ ਸਿੰਘ 14 ਅਗੱਸਤ 1921 ਤੋਂ 19 ਫ਼ਰਵਰੀ 1922 ਤਕ ਪ੍ਰਧਾਨ ਰਹੇ। ਸੁੰਦਰ ਸਿੰਘ ਰਾਮਗੜ੍ਹੀਆ 19 ਫ਼ਰਵਰੀ 1922 ਤੋਂ 16 ਜੁਲਾਈ 1922 ਤਕ ਪ੍ਰਧਾਨ ਰਹੇ। ਬਹਾਦਰ ਮਹਿਤਾਬ ਸਿੰਘ 16 ਜੁਲਾਈ 1922 ਤੋਂ 27 ਅਪ੍ਰੈਲ 1925 ਤਕ ਪ੍ਰਧਾਨ ਰਹੇ। ਮੰਗਲ ਸਿੰਘ 27 ਅਪ੍ਰੈਲ 1925 ਤੋਂ 2 ਅਕਤੂਬਰ 1926 ਤਕ ਪ੍ਰਧਾਨ ਰਹੇ। ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਬਾਬਾ ਖੜਕ ਸਿੰਘ 2 ਅਕਤੂਬਰ 1926 ਤੋਂ 12 ਅਕਤੁਬਰ 1930 ਤਕ ਪ੍ਰਧਾਨ ਰਹੇ।