ਮਹਿਲਾ ਨੇ ਗੁਰਦਵਾਰੇ 'ਚੋਂ ਚੋਰੀ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਗ੍ਰਿਫ਼ਤਾਰ

ਪੰਥਕ, ਪੰਥਕ/ਗੁਰਬਾਣੀ

ਦੀਨਾਨਗਰ, 23 ਦਸੰਬਰ (ਦੀਪਕ ਮੰਨੀ): ਦੀਨਾਨਗਰ ਨਾਲ ਲਗਦੇ ਭੋਆ ਹਲਕੇ ਦੇ ਪਿੰਡ ਛੰਨੀ ਦੇ ਗੁਰਦੁਆਰਾ ਸਾਹਿਬ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਜਾਣ ਨਾਲ ਵੀਡੀਉ ਫੁਟੇਜ਼ ਦੇ ਆਧਾਰ 'ਤੇ ਪਠਾਨਕੋਟ ਪੁਲਿਸ ਨੇ ਕੁੱਝ ਹੀ ਘੰਟੇ ਚ ਮਾਮਲਾ ਸੁਲਝਾ ਲਿਆ ਅਤੇ ਦੋਸ਼ੀ ਔਰਤ ਗੁਰਜੀਤ ਕੌਰ ਨੂੰ ਗ੍ਰਿ੍ਰਫਤਾਰ ਕਰ ਕੇ ਪਾਵਨ ਸਰੂਪ ਬਰਾਮਦ ਕਰ ਲਏ। ਗੁਰਦਵਾਰੇ ਦੇ ਗ੍ਰੰਥੀ ਪ੍ਰਗਟ ਸਿੰਘ ਅਤੇ ਕਮੇਟੀ ਪ੍ਰਬੰਧਕ ਮੈਂਬਰਾਂ ਨੇ ਦਸਿਆ ਕਿ ਪਿੰਡ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਪ੍ਰਭਾਤ ਫੇਰੀਆਂ ਚਲ ਰਹੀਆਂ ਹਨ। ਰੋਜ਼ ਦੀ ਤਰ੍ਹਾਂ ਸ਼ੁਕਰਵਾਰ ਸਵੇਰੇ ਜਦ ਪਿੰਡ ਦੀ ਸੰਗਤ ਪ੍ਰਭਾਤ ਫੇਰੀ ਕੱਢ ਰਹੀ ਸੀ ਤਾਂ ਇਸੇ ਦੌਰਾਨ ਗੁਰਦੁਆਰਾ ਸਾਹਿਬ ਅੰਦਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਵਿੱਤਰ ਸਰੂਪ ਚੋਰੀ ਹੋ ਗਏ ਸਨ ਪਰ ਉਨ੍ਹਾਂ 

ਨੂੰ ਇਸ ਗੱਲ ਦਾ ਤੁਰਤ ਪਤਾ ਨਹੀਂ ਲਗਿਆ ਕਿਉਂਕਿ ਪਿੰਡ ਅੰਦਰ ਅਕਸਰ ਹੀ ਦਿਨ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਲਈ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਅਪਣੇ ਘਰਾਂ ਵਿਚ ਲਿਜਾਂਦੇ ਹਨ ਪਰ ਦੇਰ ਸ਼ਾਮ ਤਕ ਵੀ ਦੋ ਪਵਿੱਤਰ ਸਰੂਪ ਗੁਰਦੁਆਰਾ ਸਾਹਿਬ ਵਿਖੇ ਨਹੀਂ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਚੈੱਕ ਕੀਤਾ ਗਿਆ ਤਾਂ ਇਕ ਔਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਸਰੂਪ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਉਸ ਦੇ ਘਰ ਵਿਚੋਂ ਹੀ ਪੇਟੀ ਵਿਚ ਲੁਕਾ ਕੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪਵਿੱਤਰ ਸਰੂਪ ਬਰਾਮਦ ਕਰ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿਤੇ।