ਮੈਂਬਰਾਂ ਸ਼੍ਰੋਮਣੀ ਕਮੇਟੀ ਪ੍ਰਧਾਨ, ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਸੁਖਬੀਰ ਨੂੰ ਦਿਤੇ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 28 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਿੱਖਾਂ ਦੀ ਸੰਸਦ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਹੁੱਦੇਦਾਰਾਂ ਤੇ ਅੰਤ੍ਰਿਗ ਕਮੇਟੀ ਦੀ ਚੋਣ ਸਬੰਧੀ  ਅੱਜ ਸ਼ਾਮ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਕਰੀਬ 130 ਮੈਂਬਰਾਂ ਦੀ ਹੋਈ ਮੀਟਿੰਗ ਦੌਰਾਨ ਅੱਜ ਹੋਣ ਵਾਲੀ ਚੋਣ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਈ ਬੈਠਕ ਦੌਰਾਨ ਦਿੱਤੇ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ ਦਲਜੀਤ ਸਿੰਘ ਚੀਮਾ ਨੇ ਕਾਰਵਾਈ ਚਲਾਂਉਦਿਆਂ ਕਿਹਾ ਕਿ ਅੱਜ ਤੇਜਾ ਸਿੰਘ ਸਮੁੰਦਰੀ ਹਾਲ 'ਚ ਸਲਾਨਾ ਅਜਲਾਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਦੇ ਚਾਰ ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਆ ਗਏ।ਇਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਅੰਤ੍ਰਿਗ ਕਮੇਟੀ ਦੀ ਚੋਣ ਹੋਵੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਰਾਇ ਦੇਣ। ਪਰ ਸ਼੍ਰੋ੍ਰਮਣੀ ਕਮੇਟੀ ਮੈਂਬਰਾਂ ਜੈਕਾਰਿਆਂ ਦੀ ਗੂੰਜ ਵਿਚ ਸੁਖਬੀਰ ਸਿੰਘ ਬਾਦਲ ਨੂੰ ਚੋਣ ਕਰਨ ਤੇ ਅਧਿਕਾਰ ਦਿੱਤੇ।       ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਅੱਜ ਸਮੇਂ ਸਿਰ ਪੁੱਜ ਕੇ ਆਹੁਦੇਦਾਰਾਂ ਦੀ ਚੋਣ ਕਰਨ। ਉਹ ਅੱਜ ਰਾਤ ਨੂੰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਰਣਨੀਤੀ ਤਿਆਰ ਕਰਨਗੇ ਜੋ ਜਾਰੀ ਕਰ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਬਰਕਰਾਰ ਰੱਖਣਾ ਜਰੂਰੀ ਹੈ ।ਅੱਜ ਜਨਰਲ ਇਜਲਾਸ ਦੀ ਕਾਰਵਾਈ ਦੁਪਿਹਰ ਇੱਕ ਵਜੇ ਆਰੰਭ ਹੋਵੇਗੀ। ਸੁਖਬੀਰ ਸਿੰਘ ਬਾਦਲ ਵੱਲੋ ਭੇਜੇ ਗਏ ਲਿਫਾਫੇ ਨੂੰ ਖੋਲ੍ਹ ਕੇ ਇੱਕ ਇੱਕ ਆਹੁਦੇਦਾਰ ਤੇ ਕਾਰਜਕਰਨੀ ਕਮੇਟੀ  ਮੈਂਬਰਾਂ ਦੇ ਨਾਮ ਪੇਸ਼ ਕੀਤੇ ਜਾਣਗੇ। ਕੁਝ ਸੋਗ ਮਤੇ ਪੇਸ਼ ਕਰਕੇ ਅਜਲਾਸ ਖਤਮ ਕਰ ਦਿੱਤਾ ਜਾਵੇਗਾ। ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੇ ਜਿੱਤੇ ਮੈਂਬਰ ਹੀ ਇਸ ਚੋਣ ਵਿੱਚ ਆਪਣਾ ਉਮੀਦਵਾਰ ਵਿਰੋਧੀ ਧਿਰ ਵਜੋ ਖੜੇ ਕਰ ਸਕਦੇ ਹਨ ਤੇ ਚੋਣਾਂ ਲਈ ਵੋਟਾਂ ਵੀ ਪੈ ਸਕਦੀਆ ਹਨ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਹ ਬਰਗਾੜੀ ਕਾਂਡ ਨੂੰ ਲੈ ਕੇ ਲਾਂਭੇ ਹੋਏ ਸਨ ਤੇ ਅੱਜ ਵੀ ਆਪਣੇ ਸਟੈਂਡ ਤੇ ਖੜੇ ਹਨ। ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਭਾਂਵੇ 22 ਦੱਸੀ ਜਾ ਰਹੀ ਹੈ ਪਰ ਨਵੇ ਬਣੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਵੀ ਵੋਟਾਂ ਪਾਉਣ ਦਾ ਭਰੋਸਾ ਦਿੱਤਾ ਹੈ ਤੇ ਉਹਨਾਂ ਦੀਆ ਵੋਟਾਂ ਵੱਧ ਨਿਕਲਣਗੀਆ।
ਦੂਸਰੇ ਪਾਸੇ ਬਾਦਲ ਦਲ ਵਾਲੇ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ 4 ਮੈਂਬਰ ਤੋੜ ਲਏ ਹਨ। ਇਸੇ ਤਰ੍ਹਾ ਪ੍ਰਧਾਨ ਬਣਨ ਲਈ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਬਲਬੀਰ ਸਿੰਘ ਘੁੰਨਸ ਵੀ ਦਾਅਵੇਦਾਰਾਂ 'ਚ ਸ਼ਾਮਲ ਹਨ। ਪ੍ਰੋ ਕਿਰਪਾਲ ਸਿੰਘ ਬਡੂੰਗਰ ਦੇ ਹੱਕ ਵਿੱਚ ਭਾਂਵੇ ਸ੍ਰ ਪ੍ਰਕਾਸ਼ ਸਿੰਘ ਬਾਦਲ ਭੁਗਤ ਰਹੇ ਹਨ ਪਰ 80 ਤੋ ਵਧੇਰੇ ਮੈਂਬਰਾਂ ਨੂੰ ਸੁਖਬੀਰ ਸਿੰਘ ਬਾਦਲ ਕੋਲ ਬਡੂੰਗਰ ਦੀ ਵਿਰੋਧਤਾ ਕੀਤੀ ਕਿ ਉਸ ਨੇ 11 ਮਹੀਨੇ ਤਾਂ ਕਿਸੇ ਵੀ ਮੈਂਬਰ ਦਾ ਕੋਈ ਕੰਮ ਨਹੀ ਕੀਤਾ। ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਹੀ ਖੁਸ਼ ਕੀਤੇ ਗਏ ਹਨ। ਚਰਚਾ ਹੈ ਕਿ ਕਰਾਸ ਵੋਟਿੰਗ ਹੋਵੇਗੀ ਪਰ ਅਜਿਹੀ ਸਥਿਤੀ ਜਾਪ ਨਹੀਂ ਰਹੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਹੋਰਨਾਂ ਦੀਆਂ ਨਜ਼ਰਾਂ ਸ਼੍ਰੋਮਣੀ ਕਮੇਟੀ ਵੱਲੋ ਲਏ ਜਾਂਦੇ ਫੈਸਲਿਆਂ ਤੇ ਲੱਗੀਆਂ ਰਹਿੰਦੀਆ ਹਨ। ਇਸ ਲਈ ਇਹ ਜੁੰਮੇਵਾਰੀ ਕਿਸੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਹੀ ਦਿੱਤੀ ਜਾਂਦੀ ਹੈ। ਇਸ ਲਈ ਉਹ ਚੋਣ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰ ਦੇਣ ਤਾਂ ਜੋ ਸੋਚ ਵਿਚਾਰ ਕੇ ਉਹ ਯੋਗ ਵਿਅਕਤੀ ਦੀ ਚੋਣ ਕਰ ਸਕਣ। ਇਹ ਵੀ ਜਿਕਰਯੋਗ ਹੈ ਕਿ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਦੀ ਤਾਰੀਫ ਕੀਤੀ ਪਰ ਨਾਲ ਹੀ ਕਿਹਾ ਕਿ ਉਹ ਤਬਦੀਲੀ ਦੇ ਹੱਕ ਵਿਚ ਹਨ ਪਰ ਹਾਈਕਮਾਂਡ ਮੌਜੂਦਾ ਹਲਾਤਾਂ 'ਚ ਸਟੇਟਸ ਕੋ ਵੀ ਰੱਖ ਸਕਦੀ ਹੈ। ਅੱਜ ਦੀ ਮੀਟਿੰਗ ਵਿਚ ਲਗਭਗ 130 ਮੈਂਬਰ ਪੁੱਜੇ। ਸੁੱਚਾ ਸਿੰਘ ਲੰਗਾਹ ਤੇ ਇਕ ਹੋਰ ਮੈਂਬਰ ਅਸਤੀਫਾ ਦੇ ਗਏ ਹਨ। 4 ਮੈਂਬਰ ਵਿਰੋਧੀ ਧਿਰ ਦੇ ਸ਼੍ਰੋਮਣੀ ਅਕਾਲੀ ਦਲ 'ਚ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ 157 ਦੇ ਕਰੀਬ ਮੈਂਬਰ ਹਨ। 4 ਮੈਂਬਰ ਹੋਰ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਗਿਣਤੀ 161 ਹੋ ਗਈ ਹੈ ਤੇ ਵਿਰੋਧੀ ਧਿਰ ਕੋਲ 18 ਮੈਂਬਰ ਰਹਿ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਤੋਤਾ ਸਿੰਘ, ਅਮਰਜੀਤ ਸਿੰਘ ਚਾਵਲਾ, ਬੀਬੀ ਕਿਰਨਜੋਤ ਕੌਰ, ਜੱਥੇ: ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿੱਟੇਵੱਡ, ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਬੰਡਾਲਾ, ਭਾਈ ਮਨਜੀਤ ਸਿੰਘ, ਜੋਧ ਸਿੰਘ ਸਮਰਾ, ਗੁਰਿੰਦਰ ਸਿੰਘ ਲਾਲੀ ਰਣੀਕੇ ਆਦਿ ਹਾਜ਼ਰ ਸਨ।