ਮਾਮਲਾ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ 'ਤੇ ਪੁਤਲਾ ਸਾੜੇ ਜਾਣ ਦਾ

ਪੰਥਕ, ਪੰਥਕ/ਗੁਰਬਾਣੀ

ਸ਼ਿਵ ਸੈਨਾ ਆਗੂ ਵਿਰੁਧ ਸਿੱਖ ਜਥੇਬਦੀਆਂ ਨੇ ਪੁਲਿਸ ਤੇ ਡੀ ਸੀ ਨੂੰ ਯਾਦ ਪੱਤਰ ਦਿਤਾ

ਸ਼ਿਵ ਸੈਨਾ ਆਗੂ ਵਿਰੁਧ ਸਿੱਖ ਜਥੇਬਦੀਆਂ ਨੇ ਪੁਲਿਸ ਤੇ ਡੀ ਸੀ ਨੂੰ ਯਾਦ ਪੱਤਰ ਦਿਤਾ
ਅੰਮ੍ਰਿਤਸਰ, 5 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼ਿਵ ਸੈਨਾ ਦੇ ਅਖੌਤੀ ਆਗੂ ਸੁਧੀਰ ਕੁਮਾਰ ਸੂਰੀ ਵਲੋਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਵਾਲੇ ਦਿਨ ਪੁਤਲਾ ਸਾੜੇ ਜਾਣ ਦੇ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿਚ ਦਿਤੇ ਗਏ ਬਿਆਨ ਵਿਰੁਧ ਸਿੱਖ ਜਥੇਬੰਦੀਆਂ ਵਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਸੂਰੀ ਵਿਰੁਧ ਕਾਰਵਾਈ ਕੀਤੇ ਜਾਣ ਸਬੰਧੀ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਵਿਰੁਧ ਕਾਰਵਾਈ ਹੁਣ ਤੋਂ ਹੀ ਕੀਤੀ ਜਾਵੇ ਤਾਂ ਕਿ ਕਿਸੇ ਦੀ ਵੀ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਦੀ ਜੁਰਅਤ ਨਾ ਪੈ ਸਕੇ ਜਿਸ ਨਾਲ ਮਾਹੌਲ ਖ਼ਰਾਬ ਨਾ ਹੋਵੇ। ਜਥਾ ਸਿਰਲੱਥ ਖ਼ਾਲਸਾ, ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਸਿੱਖ ਯੂਥ ਸੇਵਾ ਦਲ, ਸਿੱਖ ਸਟੂਡੈਂਟਸ ਫ਼ੈਡਰੈਸ਼ਨ, ਦਮਦਮੀ ਟਕਸਾਲ ਗਤਕਾ ਅਖਾੜਾ, ਸਿੱਖ ਯੂਥ ਪ੍ਰਚਾਰਕ ਜਥਾ ਸਮੇਤ ਅੰਮ੍ਰਿਤਸਰ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿਤਾ ਹੈ।

 ਉਕਤ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸੁਧੀਰ ਕੁਮਾਰ ਸੂਰੀ ਵਲੋਂ ਪਹਿਲਾਂ ਵੀ ਕਈ ਵਾਰ ਚੰਗੇ ਭਲੇ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਜਦੋਂ ਉਸ ਨੂੰ ਗੱਲਬਾਤ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਸਾਹਮਣੇ ਨਹੀਂ ਆਉਂਦਾ। ਇਸ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅਜਿਹੇ ਮਾਹੌਲ ਨੂੰ ਖ਼ਰਾਬ ਕਰਨ ਵਾਲੇ ਸ਼ਖ਼ਸਾਂ 'ਤੇ ਲਗਾਮ ਕੱਸਣ ਲਈ ਅਪੀਲ ਕੀਤੀ ਗਈ ਹੈ। ਸਮੁੱਚੀਆਂ ਜਥੇਬੰਦੀਆਂ ਵਲੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 12 ਫ਼ਰਵਰੀ ਨੂੰ ਮਨਾਇਆ ਜਾਵੇਗਾ। ਇਸ ਮੌਕੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਗਗਨਦੀਪ ਸਿੰਘ, ਭਾਈ ਪਾਰਸ ਸਿੰਘ, ਭਾਈ ਮਨਪ੍ਰੀਤ ਸਿੰਘ ਆਜ਼ਾਦ, ਭਾਈ ਰਣਜੀਤ ਸਿੰਘ, ਗੁਰਭੇਜ ਸਿੰਘ ਖ਼ਾਲਸਾ, ਕੇਵਲ ਸਿੰਘ ਆਦਿ ਹੋਰ ਵੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।