ਮਸਜਿਦ ਅੱਗੇ ਲੱਗੇ ਰੂੜੀ ਦੇ ਢੇਰ, ਰੋਸ

ਪੰਥਕ, ਪੰਥਕ/ਗੁਰਬਾਣੀ


ਫ਼ਤਿਹਗੜ੍ਹ ਸਾਹਿਬ, 26 ਸਤੰਬਰ (ਦਵਿੰਦਰ ਖਰੌੜੀ): ਪਿੰਡ ਮਾਲਾਹੇੜੀ ਵਿਖੇ ਕੁੱਝ ਵਿਅਕਤੀਆਂ ਵਲੋਂ ਕਈ ਸਾਲਾਂ ਤੋਂ ਮਸਜਿਦ ਅੱਗੇ ਕਥਿਤ ਤੌਰ 'ਤੇ ਰੂੜੀ ਦੇ ਢੇਰ ਕਈ ਲਗਾਏ ਗਏ ਹਨ ਜਿਸ ਕਾਰਨ ਮੁਸਲਮਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਿੰਡ ਵਾਸੀ ਮੰਗਾਂ ਖਾਂ, ਜੰਗਾ ਖਾਂ, ਅਕਬਰ ਖਾਂ, ਮਲਕੀਤ ਖਾਂ, ਸੋਮਾ, ਫ਼ਿਰੋਜ਼, ਉਮਰਦੀਨ, ਅਮਰੀਕ ਖਾਂ, ਕਾਲੂ ਖਾਂ, ਮਨੀਰ ਖਾਂ, ਪਲਵਿੰਦਰ ਸਿੰਘ ਆਦਿ ਨੇ ਦਸਿਆ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਲੋਂ ਮਸਜਿਦ ਅੱਗੇ ਤਿੰਨ-ਚਾਰ ਸਾਲ ਤੋਂ ਰੂੜੀ ਦੇ ਢੇਰ ਲਗਾਏ ਜਾ ਰਹੇ ਹਨ ਜਿਸ ਕਾਰਨ ਮਸਜਿਦ ਵਿਚ ਨਮਾਜ਼ ਅਦਾ ਕਰਨ ਲਈ ਆਉਣ ਵਾਲੇ ਇਬਾਦਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਈਦ 'ਤੇ ਹੋਰ ਮੁਸਲਿਮ ਤਿਉਹਾਰਾਂ ਮੌਕੇ ਜਦਂ ਮੁਸਲਮਾਨਾਂ ਦਾ ਇਥੇ ਇਕੱਠ ਹੁੰਦਾ ਹੈ ਤਾਂ ਰੂੜੀ ਵਿਚੋਂ ਉਠਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਰੂੜੀ ਦੀ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਉਕਤ ਵਿਅਕਤੀਆਂ ਨੂੰ ਕਈ ਵਾਰ ਇਥੋਂ ਰੂੜੀ ਚੁੱਕਣ ਤੇ ਇਸ ਦੇ ਆਲੇ-ਦੁਆਲੇ ਕੰਧ ਕਰਨ ਦੀ ਅਪੀਲ ਕੀਤੀ ਤਾਂ ਪਹਿਲਾਂ ਤਾਂ ਉਹ ਤਿਆਰ ਹੋ ਗਏ ਪਰ ਬਾਅਦ ਵਿਚ ਉਹ ਮੁਕਰ ਗਏ ਤੇ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਇਥੋਂ ਉਜਾੜ ਦੇਵਾਂਗੇ ਤੇ ਜੋ ਕੁੱਝ ਕਰਨਾ ਹੈ ਕਰ ਲਵੋ।

ਇਸ ਸਬੰਧੀ ਮੁਸਲਮਾਨਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਰਖ਼ਾਸਤ ਦਿਤੀ ਸੀ ਜਿਨ੍ਹਾਂ ਵਲੋਂ ਬੀ.ਡੀ.ਪੀ.ਓ. ਦਫ਼ਤਰ ਸਰਹਿੰਦ ਨੂੰ ਇਹ ਦਰਖ਼ਾਰਸਤ ਮਾਰਕ ਕਰ ਦਿਤੀ ਗਈ ਜਿਨ੍ਹਾਂ ਦੇ ਮੁਲਾਜ਼ਮ ਮੌਕਾ ਵੇਖ ਕੇ ਗਏ ਸੀ। ਇਨ੍ਹਾਂ ਨੇ ਸੋਮਵਾਰ ਨੂੰ ਬੁਲਾਇਆ ਸੀ। ਜਦ ਉਹ ਸੋਮਵਾਰ ਨੂੰ ਗਏ ਤਾਂ ਮੁਲਾਜ਼ਮਾਂ ਨੇ ਕਿਹਾ ਕਿ ਇਹ ਰੂੜੀ ਉਕਤ ਵਿਅਕਤੀਆਂ ਦੀ ਅਪਣੀ ਥਾਂ ਅੰਦਰ ਹੈ ਪਰ ਫਿਰ ਵੀ ਇਸ ਦਾ ਕੋਈ ਹੱਲ ਕੀਤਾ ਜਾਵੇਗਾ ਪਰ ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਸਜ਼ਿਦ ਅੱਗੇ ਲੱਗੇ ਰੂੜੀ ਦੇ ਢੇਰ ਨੂੰ ਹਟਾ ਕੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਾਇਆ ਜਾਵੇ।

ਇਸ ਸਬੰਧੀ ਏ.ਡੀ.ਸੀ. ਹਰਦਿਆਲ ਸਿੰਘ ਚੱਠਾ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਸਫ਼ਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਵਿਚੋਂ ਰੂੜੀਆਂ ਹਟਾਈਆਂ ਜਾ ਰਹੀਆਂ ਹਨ ਤੇ ਮਾਲਾਹੇੜੀ ਪਿੰਡ ਵਿਚੋਂ ਵੀ ਕਲ ਤਕ ਇਹ ਰੂੜੀ ਹਟਾ ਦਿਤੀ ਜਾਵੇਗੀ।