ਨਵੀਂ ਦਿੱਲੀ, 8 ਸਤੰਬਰ
(ਸੁਖਰਾਜ ਸਿੰਘ): ਮੇਘਾਲਿਆ ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ ਦੇਸ਼ ਦਾ ਚੌਥਾ ਸੂਬਾ ਬਣ
ਗਿਆ ਹੈ ਜਦਕਿ ਬਿਹਾਰ ਸਰਕਾਰ ਇਸ ਐਕਟ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਹੈ।
ਇਸ ਸਬੰਧੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ
ਸਿਰਸਾ ਨੇ ਦਸਿਆ ਕਿ ਉਨ੍ਹਾਂ ਨੇ ਐਕਟ ਲਾਗੂ ਕਰਨ ਦਾ ਮਾਮਲਾ ਮੇਘਾਲਿਆ ਸਰਕਾਰ ਕੋਲ
ਚੁਕਿਆ ਸੀ। ਉਹ ਸੂਬੇ ਦੇ ਮੁੱਖ ਮੰਤਰੀ ਮੁਕਲ ਸੰਗਮਾ ਦੇ ਧਨਵਾਦੀ ਹਨ ਜਿਨ੍ਹਾਂ ਇਹ ਐਕਟ
ਲਾਗੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਐਕਟ ਲਾਗੂ ਨਾ ਹੋਣ 'ਤੇ ਸਿੱਖਾਂ ਨੂੰ ਕਈ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖ਼ਾਸ ਤੌਰ 'ਤੇ ਵਿਦੇਸ਼ ਵਿਚ ਜਾਣ ਵਾਲੇ ਸਿੱਖਾਂ
ਨੂੰ ਵਧ ਮੁਸ਼ਕਲਾਂ ਆ ਰਹੀਆਂ ਸਨ ਕਿਉਂਕਿ ਉਨ੍ਹਾਂ ਦੇ ਵਿਆਹ ਇਸ ਐਕਟ ਤਹਿਤ ਰਜਿਸਟਰਡ
ਨਹੀਂ ਹੁੰਦੇ ਸਨ। ਸ. ਸਿਰਸਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵੀ ਧਨਵਾਦ
ਕੀਤਾ ਜਿਨ੍ਹਾਂ ਅਪਣੇ ਰਾਜ ਵਿਚ ਇਹ ਐਕਟ ਲਾਗੂ ਕਰਨ ਵਿਚ ਦਿਲਚਸਪੀ ਵਿਖਾਈ ਹੈ।