ਮੋਦੀ ਸਰਕਾਰ ਬਾਰੇ ਦਿੱਲੀ ਗੁਰਦਵਾਰਾ ਕਮੇਟੀ ਦਾ ਹੈਰਾਨੀਜਨਕ ਪ੍ਰਗਟਾਵਾ

ਪੰਥਕ, ਪੰਥਕ/ਗੁਰਬਾਣੀ

'ਟਰੂਡੋ ਨਾਲ ਕੀਤਾ ਜਾ ਰਿਹੈ ਵਿਤਕਰਾ'
ਨਵੀਂ ਦਿੱਲੀ, 20 ਫ਼ਰਵਰੀ (ਅਮਨਦੀਪ ਸਿੰਘ) : ਮੋਦੀ ਸਰਕਾਰ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਬਾਰੇ ਧਾਰਨ ਕੀਤੀ ਗਈ ਬੇਰੁਖੀ ਬਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਹੈਰਾਨਕੁਨ ਟਿਪੱਣੀ ਕਰ ਕੇ ਨਵੀਂ ਚਰਚਾ ਛੇੜ ਦਿਤੀ ਹੈ ਕਿ ਭਾਰਤੀ ਏਜੰਸੀਆਂ ਤੇ ਸਿਆਸੀ ਲੋਕਾਂ ਦੇ ਨਿੱਜੀ ਮੁਫ਼ਾਦਾਂ ਕਰ ਕੇ, ਟਰੂਡੋ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਹੈਰਾਨੀਜਨਕ ਪ੍ਰਗਟਾਵਾ ਕਰਦਿਆਂ ਕਿਹਾ, “ਭਾਰਤ ਦੀਆਂ ਸੁਰੱਖਿਆ ਏਜੰਸੀਆਂ ਸਿੱਖਾਂ ਨੂੰ ਵੱਖਵਾਦੀ ਸਾਬਤ ਕਰਨ ਦੇ ਏਜੰਡੇ 'ਤੇ ਕੰਮ ਕਰ ਰਹੀਆਂ ਹਨ ਜਿਸ ਵਿਚ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਇਸੇ ਕਾਰਨ ਕੈਪਟਨ ਨੇ ਹਰਜੀਤ ਸਿੰਘ ਸੱਜਣ ਖ਼ਿਲਾਫ਼ ਮੋਰਚਾ ਖੋਲ੍ਹੀ ਰੱਖਿਆ ਸੀ। ਜਦੋਂ ਮੀਡੀਆ ਵਿਚ ਸਿੱਖਾਂ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਤਾਂ ਪੰਜਾਬ ਦੇ ਪੁਲਸ ਸੂਤਰਾਂ ਤੋਂ ਚੋਣਵੇਂ ਮੀਡੀਆ ਵਿਚ ਕੈਨੇਡਾ ਤੋਂ ਪੰਜਾਬ ਵਿਚ ਵੱਖਵਾਦ ਲਈ ਫੰਡਿਗ ਦੀਆਂ ਖ਼ਬਰਾਂ ਪਲਾਂਟ ਕਰਵਾ ਦਿਤੀਆਂ ਗਈਆਂ।''
ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਚੁਕਿਆ ਤੇ ਪੰਥਕ ਮੁੱਦਿਆਂ ਤੋਂ ਕੰਨੀ ਕਤਰਾਉਂਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਕੈਨੇਡੀਅਨ ਪ੍ਰਧਾਨ  ਮੰਤਰੀ ਦੇ ਮੁਦੇ 'ਤੇ ਮੁੜ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਵਿਚ ਖਾਲਸ ਪੰਥਕ ਹੋਣ ਦੀ ਤਿਆਰੀ ਕਰ ਰਿਹਾ ਹੈ।
ਉਨਾਂ੍ਹ ਕਿਹਾ, “ ਭਾਰਤ ਸਰਕਾਰ ਚੀਨ ਤੇ ਪਾਕਿਸਤਾਨ ਨਾਲ ਜੰਗੀ ਤੇ ਚਿੰਤਾਜਨਕ ਹਾਲਾਤਾਂ ਦੇ ਬਾਵਜੂਦ ਵੀ ਕੂਟਨੀਤਕ ਦੋਸਤੀ ਨਿਭਾਉਣ ਲਈ ਬਜ਼ਿਦ ਰਹਿੰਦੀ ਹੈ, ਪਰ ਕੈਨੇਡਾ ਵਿਚ ਸਿੱਖਾਂ ਦੀ ਹਮਾਇਤੀ ਟਰੂਡੋ ਸਰਕਾਰ ਪ੍ਰਤੀ ਧਾਰਨ ਕੀਤੀ ਗਈ ਬੇਰੁਖੀ ਵਾਲੀ ਕੂਟਨੀਤੀ ਹੈਰਾਨ ਕਰਨ ਵਾਲੀ ਹੈ। ਕੈਨੇਡਾ ਸਰਕਾਰ ਨੇ ਤਾਂ ਇਕ ਸੋ ਸਾਲ ਬਾਅਦ ਕਾਮਾਗਾਟਾ ਮਾਰੂ ਸਾਕੇ ਲਈ ਮਾਫੀ ਮੰਗ ਤੇ ਓਨਟਾਰੀਓ ਵਿਧਾਨ ਸਭਾ ਵਿਚ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਕੇ, ਸਿੱਖਾਂ ਦੇ ਦਿਲ ਹੀ ਜਿਤੇ ਹਨ, ਜਦੋਂਕਿ ਬਰਤਾਨੀਆ ਨੇ ਅੱਜ ਤੱਕ ਜ਼ਲਿਆ ਵਾਲਾ ਬਾਗ਼ ਦੇ ਸਾਕੇ ਲਈ ਮਾਫੀ ਨਹੀਂ ਮੰਗੀ ਅਤੇ ਭਾਰਤ ਸਰਕਾਰ ਨੇ ਵੀ ਪਾਰਲੀਆਮੈਂਟ ਵਿਚ ਸਿੱਖ ਕਤਲੇਆਮ ਦੀ ਨਿਖੇਧੀ ਨਹੀਂ ਕੀਤੀ, ਫਿਰ ਵੀ ਸਰਕਾਰ ਦਾ ਕੈਨੇਡਾ ਬਾਰੇ ਇਹ ਵਤੀਰਾ ਕਿਉਂ?”