ਕਲਗੀਆਂ ਵਾਲੇ ਦਸਮੇਸ਼ ਪਿਤਾ ਦੇ ਪ੍ਰਵਾਰ ਅਤੇ ਜਾਨ ਤੋਂ ਪਿਆਰੇ ਦੁਲਾਰੇ ਸਿੰਘਾਂ ਦੀਆਂ ਸ਼ਹੀਦੀਆਂ ਦਾ ਹਫ਼ਤਾ 20 ਤੋਂ 28 ਦਸੰਬਰ ਤਕ ਬੀਤ ਗਿਆ। ਇਸ ਹਫ਼ਤੇ ਦੌਰਾਨ ਸਾਡੇ ਹਰ ਛੋਟੇ-ਵੱਡੇ ਗੁਰੂ ਘਰ ਤੋਂ ਇਸ ਦੀ ਵਿਆਪਕ ਜਾਣਕਾਰੀ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਆਪੋ-ਅਪਣੀ ਸਮਰੱਥਾ ਮੁਤਾਬਕ ਸਾਡੇ ਪ੍ਰਚਾਰਕਾਂ ਵਲੋਂ ਕੋਸ਼ਿਸ਼ ਕੀਤੀ ਗਈ। ਬਹੁਤ ਸਾਰੇ ਗੁਰੂ ਘਰਾਂ ਤੋਂ ਇਸ ਦਾ ਬਿਜਲਈ ਮੀਡੀਆ ਰਾਹੀਂ ਸਿੱਧਾ ਪ੍ਰਸਾਰਣ ਦੁਨੀਆਂ ਭਰ ਦੀਆਂ ਸੰਗਤਾਂ ਨੇ ਸੁਣਿਆ।
ਸਾਡੇ ਸਤਿਕਾਰਯੋਗ ਪ੍ਰਚਾਰਕਾਂ ਨੇ ਇਨ੍ਹਾਂ ਸਮੁੱਚੀਆਂ ਘਟਨਾਵਾਂ ਦੇ ਨਾਇਕਾਂ ਬਾਰੇ ਭਰਪੂਰ ਜਾਣਕਾਰੀ ਵੰਡੀ ਜਿਸ ਵਿਚ ਦਸਮੇਸ਼ ਪਿਤਾ ਦੇ ਨਿਆਰੇ ਚੋਜ, ਪੰਜਾਂ ਪਿਆਰਿਆਂ ਵਿਚੋਂ ਤਿੰਨ, ਵੱਡੇ ਦੋ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਦੀ ਚਮਕੌਰ ਦੀ ਜੰਗ ਦੌਰਾਨ ਲਾਸਾਨੀ ਕੁਰਬਾਨੀ ਦੀਆਂ ਗਾਥਾਵਾਂ, ਕੌਮ ਦੇ ਹੀਰੋ ਦੋ ਨਿੱਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸੰਸਾਰ ਦੇ ਇਤਿਹਾਸ ਵਿਚ ਇਕ ਨਿਵੇਕਲੀ ਘਟਨਾ ਦਾ ਬਾਖ਼ੂਬੀ ਚਿੱਤਰ ਸਿੱਖ ਸੰਗਤਾਂ ਦੀਆਂ ਅੱਖਾਂ ਅੱਗੇ ਪੇਸ਼ ਕੀਤਾ ਗਿਆ। ਬਾਬਾ ਟੋਡਰ ਮੱਲ ਬਾਰੇ ਵੀ ਭਰਪੂਰ ਜਾਣਕਾਰੀ ਹਾਸਲ ਹੋਈ ਪਰ ਇਸ ਸਾਰੇ ਘਟਨਾਕ੍ਰਮ ਵਿਚ ਜੇਕਰ ਕੋਈ ਪੱਖ ਅਣਗੌਲਿਆ ਰਹਿ ਗਿਆ ਹੈ ਤਾਂ ਉਹ ਹੈ ਸ਼ਹੀਦ ਬਾਬਾ ਮੋਤੀ ਰਾਮ ਦਾ। ਬਾਬਾ ਮੋਤੀ ਰਾਮ ਦੀ ਪੂਰੇ ਪ੍ਰਵਾਰ ਸਮੇਤ ਕੋਹਲੂ ਵਿਚ ਅਪਣੇ ਸਰੀਰਾਂ ਨੂੰ ਪਿਡ਼ਵਾ ਕੇ ਦਿਤੀ ਕੁਰਬਾਨੀ ਕਿਸੇ ਗੱਲੋਂ ਘੱਟ ਨਹੀਂ। ਪਰ ਜਿਥੋਂ ਤਕ ਮੈਂ ਪ੍ਰਚਾਰਕਾਂ ਕੋਲੋਂ ਸੁਣਿਆ, ਸੱਭ ਨੇ ਕੌਮ ਦੇ ਇਸ ਮਹਾਨ ਸ਼ਹੀਦ ਨੂੰ 'ਮੋਤੀ ਰਾਮ ਮਹਿਰਾ' ਦੇ ਨਾਂ ਨਾਲ ਹੀ ਸੰਬੋਧਨ ਕਰਦੇ ਹੋਏ ਸੁਣਿਆ।
ਪੁਰਾਤਨ ਸਮਿਆਂ ਵਿਚ ਪਾਣੀ ਦੀ ਘਾਟ ਹੋਣ ਕਰ ਕੇ ਪਿੰਡਾਂ ਸ਼ਹਿਰਾਂ ਵਿਚ ਪਾਣੀ ਦੇ ਸੋਮੇ ਖੂਹ ਜਾਂ ਜੌਹਡ਼ ਆਦਿ ਹੁੰਦੇ ਸਨ ਜਿਥੋਂ ਲੋਕ ਪਾਣੀ ਭਰਦੇ ਸਨ। ਕੁੱਝ ਅਮੀਰ ਲੋਕਾਂ ਵਲੋਂ ਇਹ ਕੰਮ ਖ਼ੁਦ ਨਾ ਕਰ ਕੇ ਪਿੰਡ ਦੇ ਕਿਸੇ ਬੰਦੇ ਕੋਲੋਂ ਕਰਵਾਇਆ ਜਾਂਦਾ ਸੀ ਜਿਸ ਨੂੰ ਮਹਿਰਾ ਕਿਹਾ ਜਾਂਦਾ ਸੀ ਅਤੇ ਉਸ ਨੂੰ ਅਖੌਤੀ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਪਰ ਬਾਬੇ ਨਾਨਕ ਦੀ ਵਿਚਾਰਧਾਰਾ ਅਨੁਸਾਰ ਸੱਭ ਮਨੁੱਖ ਉਸ ਅਕਾਲ ਪੁਰਖ ਦੀ ਪੈਦਾਇਸ਼ ਹਨ ਅਤੇ ਬਰਾਬਰ ਹਨ। ਇਸ ਲਈ ਬਾਬਾ ਮੋਤੀ ਰਾਮ ਦਾ ਨਾਂ 'ਮੋਤੀ ਰਾਮ ਮਹਿਰਾ' ਸਿਰਫ਼ ਬ੍ਰਾਹਮਣਵਾਦੀ ਸੋਚ ਵਾਲਿਆਂ ਵਲੋਂ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਦਸਮੇਸ਼ ਪਿਤਾ ਨੇ ਤਾਂ ਇਸ ਜਾਤ-ਪਾਤ ਦੀ ਅਲਾਮਤ ਨੂੰ ਖ਼ਾਲਸਾ ਸਜਾਉਣ ਵੇਲੇ ਜਡ਼੍ਹੋਂ ਹੀ ਪੁੱਟ ਦਿਤਾ ਸੀ ਅਤੇ 'ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ' ਦਾ ਸੰਦੇਸ਼ ਦੇ ਦਿਤਾ ਸੀ।
ਇਸ ਵਾਸਤੇ ਦਾਸ ਦੀ ਕੌਮ ਦੇ ਸਾਰੇ ਪ੍ਰਚਾਰਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਬਾਬਾ ਜੀ ਦੀ ਪੂਰੇ ਪ੍ਰਵਾਰ ਸਮੇਤ ਦਿਤੀ ਇਸ ਬੇਮਿਸਾਲ ਕੁਰਬਾਨੀ ਨੂੰ ਵੇਖਦਿਆਂ ਅਤੇ ਗੁਰੂ ਦੇ ਸਿਧਾਂਤ ਨੂੰ ਮੁੱਖ ਰਖਦਿਆਂ ਹੋਇਆਂ, ਬਾਬਾ ਜੀ ਨੂੰ ਸ਼ਹੀਦ ਬਾਬਾ ਮੋਤੀ ਰਾਮ ਦੇ ਨਾਂ ਨਾਲ ਹੀ ਸੰਬੋਧਨ ਕਰਨਾ ਚਾਹੀਦਾ ਹੈ।