ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਾ ਸਾਹਿਬ ਵਿਖੇ ਮਨਾਇਆ ਪ੍ਰਕਾਸ਼ ਪੁਰਬ

ਪੰਥਕ, ਪੰਥਕ/ਗੁਰਬਾਣੀ

ਤਰਨਤਾਰਨ, 5 ਜਨਵਰੀ (ਚਰਨਜੀਤ ਸਿੰਘ): ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਅੱਜ ਪਾਕਿਸਤਾਨ ਦੇ ਗੁਰਦਵਾਰਾ ਪੰਜਾ ਸਾਹਿਬ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਅਰੰਭਤਾ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਰਾਗੀ ਸਿੰਘਾਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ ਨੇ ਸੰਗਤ ਨੂੰ ਸ੍ਰੀ ਗੁਰੂ 

ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਦਿਤੀਆਂ। ਉਨ੍ਹਾਂ ਕਿਹਾ ਕਿ ਬਿਕਰਮੀ ਕੈਲੰਡਰ ਦੀਆਂ ਰੋਲ ਘਚੋਲਿਆਂ ਕਾਰਨ ਹੀ ਸਿੱਖਾਂ ਨੇ ਅਪਣਾ ਕੈਲੰਡਰ ਤਿਆਰ ਕਰ ਕੇ ਸਾਲ 2003 ਵਿਚ ਲਾਗੂ ਕੀਤਾ ਸੀ ਪਰ ਸਿੱਖਾਂ ਦੀ ਵਖਰੀ ਹੋਂਦ ਦੇ ਵਿਰੋਧੀਆਂ ਨੂੰ ਇਹ ਪੰਸਦ ਨਹੀਂ ਆਇਆ ਜਿਸ ਕਰ ਕੇ ਸਾਲ 2010 ਵਿਚ ਮੂਲ ਕੈਲੰਡਰ ਦਾ ਘਾਣ ਕਰ ਕੇ ਉਸ ਕੈਲੰਡਰ ਦਾ ਮਲੀਆਮੇਟ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੋਇਆ ਹੈ ਕਿ ਪਾਕਿਸਤਾਨ ਦੇ ਸਿੱਖ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਹਾੜੇ ਮਨਾਵੇਗੀ। ਉਨ੍ਹਾਂ ਕਮੇਟੀ ਦੇ ਮੌਜੂਦ ਪ੍ਰਧਾਨ ਸ. ਤਾਰਾ ਸਿੰਘ, ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ  ਬਾਕੀ ਮੈਂਬਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਇਹ ਦਿਹਾੜਾ ਖਾਲਸਾਈ ਮਰਿਆਦਾ ਮੁਤਾਬਕ ਮਨਾਇਆ ਹੈ।