ਮੁਲਜ਼ਮ ਅਭਿਸ਼ੇਕ ਵਰਮਾ ਦੀ ਵਧਾਈ ਜਾਵੇ ਸੁਰੱਖਿਆ: ਹਾਈ ਕੋਰਟ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 27 ਸਤੰਬਰ: ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿਤਾ ਕਿ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਮੁਲਜ਼ਮ ਵਿਵਾਦਤ ਹਥਿਆਰ ਡੀਲਰ ਅਭਿਸ਼ੇਕ ਵਰਮਾ ਦੀ ਸੁਰੱਖਿਆ ਵਿਚ ਵਾਧਾ ਕੀਤਾ ਜਾਵੇ ਕਿਉਂਕਿ ਉਸ ਨੂੰ ਧਮਕੀ ਭਰੇ ਫ਼ੋਨ ਆ ਰਹੇ ਹਨ।
ਅਦਾਲਤ ਨੇ ਦਖਣੀ ਦਿੱਲੀ ਦੇ ਡੀਸੀਪੀ ਨੂੰ ਹੁਕਮ ਦਿਤਾ ਕਿ ਅਭਿਸ਼ੇਕ ਵਰਮਾ, ਉਸ ਦੀ ਪਤਨੀ ਅਤੇ ਉਸ ਦੀ ਮਾਤਾ ਦੀ ਸੁਰੱਖਿਆ ਵਿਚ 10 ਅਕਤੂਬਰ ਤਕ ਲਈ ਦੋ ਹੋਰ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਜਾਣ ਕਿਉਂਕਿ ਤਿੰਨ ਅਤੇ ਛੇ ਅਕਤੂਬਰ ਵਿਚਾਲੇ ਵਰਮਾ ਦਾ ਝੂਠ ਫੜਨ ਵਾਲਾ ਟੈਸਟ ਹੋਣਾ ਹੈ। ਹੇਠਲੀ ਅਦਾਲਤ ਦੇ ਹੁਕਮਾਂ ਅਨੁਸਾਰ ਵਰਮਾ ਦੀ ਸੁਰੱਖਿਆ ਲਈ ਮੌਜੂਦਾ ਸਮੇਂ ਵਿਚ ਇਕ ਸੁਰੱਖਿਆ ਮੁਲਾਜ਼ਮ ਨੂੰ ਤੈਨਾਤ ਕੀਤਾ ਗਿਆ ਹੈ। ਸੀਬੀਆਈ ਵਲੋਂ ਤਿੰਨ ਵਾਰ ਕਲੀਨ ਚਿੱਟ ਹਾਸਲ ਕਰ ਚੁੱਕੇ ਜਗਦੀਸ਼ ਟਾਈਟਲਰ ਨੇ ਝੂਠ ਫੜਨ ਵਾਲਾ ਟੈਸਟ ਕਰਾਉਣ ਤੋਂ ਇਨਕਾਰ ਕਰ ਦਿਤਾ ਹੈ ਜਦਕਿ ਅਭਿਸ਼ੇਕ ਵਰਮਾ ਇਸ ਸ਼ਰਤ 'ਤੇ ਇਹ ਟੈਸਟ ਕਰਾਉਣ ਲਈ ਸਹਿਮਤ ਹੋਇਆ ਹੈ ਕਿ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਉਸ ਨੂੰ ਅਪਣੀ ਜਾਨ ਦਾ ਖ਼ਤਰਾ ਹੈ। ਅਭਿਸ਼ੇਕ ਵਰਮਾ ਵਲੋਂ ਅਦਾਲਤ ਵਿਚ ਪੇਸ਼ ਹੋਏ ਉਨ੍ਹਾਂ ਦੇ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਵਰਮਾ ਤਿੰਨ ਤੇ ਛੇ ਅਕਤੂਬਰ ਵਿਚਾਲੇ ਹੋਣ ਵਾਲੇ ਝੂਠ ਫੜਨ ਵਾਲੇ ਟੈਸਟ ਲਈ ਮੌਜੂਦ ਹੋਵੇਗਾ ਪਰ ਉਸ ਨੂੰ ਧਮਕੀ ਭਰੀਆਂ ਈਮੇਲ ਅਤੇ ਫ਼ੋਨ ਆ ਰਹੇ ਹਨ ਕਿ ਉਸ ਨੂੰ ਜਾਂ ਤਾਂ ਬੰਬ ਨਾਲ ਉਡਾ ਦਿਤਾ ਜਾਵੇਗਾ ਜਾਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਜਾਵੇਗਾ।
ਵਕੀਲ ਨੇ ਅਦਾਲਤ ਤੋਂ ਮੰਗ ਕੀਤੀ ਕਿ ਵਰਮਾ ਅਤੇ ਉਸ ਦੇ ਪਰਵਾਰ ਦੀ ਸੁਰੱÎਖਿਆ ਵਧਾਈ ਜਾਵੇ ਤਾਕਿ ਉਹ ਬਿਨਾਂ ਕਿਸੇ ਡਰ ਤੋਂ ਝੂਠ ਫੜਨ ਵਾਲਾ ਟੈਸਟ ਕਰਵਾ ਸਕੇ। ਸਿੱਖ ਕਤਲੇਆਮ ਮਾਮਲਿਆਂ ਦੀ ਅਗਵਾਈ ਕਰਨ ਵਾਲੇ ਐਚਐਸ ਫੂਲਕਾ ਨੇ ਵਰਮਾ ਦੀ ਪਟੀਸ਼ਨ ਦਾ ਸਮਰਥਨ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਤਾਕਤਵਰ ਵਿਅਕਤੀ ਹੈ ਅਤੇ ਵਰਮਾ ਨੂੰ ਸੁਰੱਖਿਆ ਦਿਤੀ ਜਾਣੀ ਚਾਹੀਦੀ ਹੈ ਤਾਕਿ ਉਹ ਇਸ ਟੈਸਟ ਵਿਚ ਭਰੋਸੇ ਨਾਲ ਸ਼ਾਮਲ ਹੋ ਸਕੇ ਕਿ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਦਿੱਲੀ ਪੁਲਿਸ ਦੇ ਵਕੀਲ ਰਾਹੁਲ ਮਹਿਰਾ ਨੇ ਵਰਮਾ ਦੇ ਵਕੀਲ ਦੀ ਇਸ ਮੰਗ ਦਾ ਵਿਰੋਧ ਨਹੀਂ ਕੀਤਾ ਅਤੇ ਕਿਹਾ ਕਿ ਦਿੱਲੀ ਪੁਲਿਸ ਅਦਾਲਤ ਦੇ ਹੁਕਮਾਂ ਅਨੁਸਾਰ ਕੰਮ ਕਰੇਗੀ। ਇਸ ਸਬੰਧੀ ਅਦਾਲਤ ਵਿਚ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਸੁਰੱਖਿਆ ਮੁਹੱਈਆ ਕਰਾਉਣਾ ਪੁਲਿਸ ਦਾ ਕੰਮ ਹੈ ਅਤੇ ਵਰਮਾ ਦੀ ਸੁਰੱਖਿਆ ਵਿਚ ਪਹਿਲਾਂ ਹੀ ਇਕ ਪੁਲਿਸ ਮੁਲਾਜ਼ਮ ਨੂੰ ਤੈਨਾਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਕ ਨਵੰਬਰ, 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਵਿਚ ਕਈ ਸਿੱਖਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਟਾਈਟਲਰ ਨੂੰ ਸੀਬੀਆਈ ਨੇ ਤਿੰਨ ਵਾਰ ਕਲੀਨ ਚਿੱਟ ਦੇ ਦਿਤੀ ਹੈ ਪਰ ਅਦਾਲਤ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਹੋਰ ਜਾਂਚ ਕਰਨ ਦਾ ਹੁਕਮ ਦਿਤਾ ਹੈ। ਸਿੱਖ ਕਤਲੇਆਮ ਪੀੜਤਾਂ ਨੇ ਸੀਬੀਆਈ ਦੀ ਕਲੋਜ਼ਰ ਰੀਪੋਰਟ ਵਿਰੁਧ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। (ਪੀ.ਟੀ.ਆਈ.)