ਨਾ ਅਖੌਤੀ ਜਥੇਦਾਰਾਂ ਨੂੰ ਮੰਨਦੀ ਹਾਂ ਤੇ ਨਾ ਹੋਵਾਂਗੀ ਪੇਸ਼: ਜਗੀਰ ਕੌਰ

ਪੰਥਕ, ਪੰਥਕ/ਗੁਰਬਾਣੀ

ਜਲੰਧਰ, 13 ਅਕਤੂਬਰ (ਸਤਨਾਮ ਸਿੰਘ ਸਿੱਧੂ): ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਨਹੀਂ ਮੰਨਦੀ ਅਤੇ ਨਾ ਹੀ ਉਹ ਇਨ੍ਹਾਂ ਦੇ ਸਾਹਮਣੇ ਪੇਸ਼ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਤਵਾਜ਼ੀ ਜਥੇਦਾਰਾਂ ਨੇ ਬੀਬੀ ਜਗੀਰ ਕੌਰ ਨੂੰ ਇਸ ਕਰ ਕੇ ਅਕਾਲ ਤਖ਼ਤ ਤੇ ਪੇਸ਼ ਹੋਣ ਲਈ ਕਿਹਾ ਸੀ ਕਿਉਂਕਿ ਬੀਬੀ 'ਤੇ ਅਪਣੀ ਧੀ ਨੂੰ ਮਰਵਾਉਣ ਦੇ ਦੋਸ਼ ਹਨ। ਅੱਜ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਗੀਰ ਕੌਰ ਨੇ ਕਿਹਾ ਕਿ ਅਖੌਤੀ ਜਥੇਦਾਰ ਪੰਜ-ਸੱਤ ਹਜ਼ਾਰ ਦਾ ਇਕੱਠ ਕਰ ਕੇ ਖ਼ੁਦ ਨੂੰ ਤਖ਼ਤਾਂ ਦੇ ਜਥੇਦਾਰ ਅਖਵਾ ਰਹੇ ਹਨ ਅਤੇ ਉਹ ਇਨ੍ਹਾਂ ਦੇ ਸਾਹਮਣੇ ਕਦੇ ਵੀ ਪੇਸ਼ ਨਹੀ ਹੋਵੇਗੀ ਕਿਉਂਕਿ ਇਨ੍ਹਾਂ ਨੇ ਸਿੱਖ ਮਰਿਆਦਾ, ਅਕਾਲ ਤਖ਼ਤ ਜੀ ਦੀ ਮਰਿਆਦਾ ਨੂੰ ਭੰਗ ਕੀਤਾ ਹੈ।ਖ਼ੁਦ 'ਤੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਕਤਲ ਦਾ ਕੋਈ ਕੇਸ ਨਹੀਂ ਹੈ, ਬਲਕਿ ਮੈਨੂੰ ਧਾਰਾ 120ਬੀ ਤਹਿਤ ਸਿਆਸੀ ਰੰਜਸ਼ ਕਾਰਨ ਫਸਾਇਆ ਗਿਆ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਖੌਤੀ ਜਥੇਦਾਰਾਂ ਨੇ ਪੰਜ-ਸੱਤ ਹਜ਼ਾਰ ਦਾ ਇਕੱਠ ਕੀਤਾ ਅਤੇ ਖ਼ੁਦ ਹੀ ਜਥੇਦਾਰ ਬਣ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਇਕੱਠ ਕਰ ਕੇ ਖ਼ੁਦ ਨੂੰ ਜਥੇਦਾਰ ਅਖਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਖੌਤੀ ਜਥੇਦਾਰਾਂ ਨੇ ਗੁਰਮਿਤ ਨੂੰ ਸੱਟ ਮਾਰੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਸਮੇਂ ਸ਼੍ਰੋਮਣੀ ਕਮੇਟੀ ਦੀਆਂ ਦੀਆਂ ਚੋਣਾਂ ਹੁੰਦੀਆਂ ਹਨ, ਉਸ ਸਮੇਂ ਉਕਤ ਅਖੌਤੀ ਜਥੇਦਾਰਾਂ ਨੂੰ ਹਰ ਵਾਰ ਸੰਗਤ ਨਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਖੌਤੀ ਜਥੇਦਾਰਾਂ ਨੇ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਗੁੰਡਾਗਰਦੀ ਕੀਤੀ,

 ਉਸ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾ ਸਕਦਾ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੰਗ ਕੀਤੀ ਕਿ ਅਖੌਤੀ ਜਥੇਦਾਰਾਂ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਜਾਵੇ ਅਤੇ ਸਖ਼ਤ ਸਜਾ ਸੁਣਾਈ ਜਾਵੇ ਤਾਕਿ ਅੱਗੇ ਤੋ ਅਜਿਹੇ ਅਖੌਤੀ ਜਥੇਦਾਰ ਗੁਰਮਿਤ ਮਰਿਆਦਾ ਨੂੰ ਭੰਗ ਨਾ ਕਰ ਸਕਣ।ਇਸ ਮੌਕੇ ਬੀਬੀ ਜਗੀਰ ਕੌਰ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬੀਬੀ ਵਲੋਂ ਕੀਰਤਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹੁੰਦਿਆਂ ਉਨ੍ਹਾਂ ਆਵਾਜ਼ ਉਠਾਈ ਸੀ ਕਿ ਬੀਬੀਆਂ ਨੂੰ ਕੀਰਤਨ ਕਰਨ ਦੀ ਕੋਈ ਮਨਾਈ ਨਹੀਂ ਹੈ ਅਤੇ ਨਾ ਹੀ ਕਿਤੇ ਰਹਿਤ ਮਰਿਆਦਾ ਵਿਚ ਲਿਖਿਆ ਹੈ ਕਿ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਉਸ ਸਮੇਂ ਬੀਬੀਆਂ ਨੂੰ ਅਪੀਲ ਕੀਤੀ ਸੀ ਕਿ ਬਾਣੀ ਵਿਚ ਪਰਪੱਕ ਬੀਬੀਆਂ ਦੇ ਕੀਰਤਨੀ ਜਥੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਬੀਬੀਆਂ ਦੇ ਜਥੇ ਨੂੰ ਅਪੀਲ ਕੀਤੀ ਸੀ ਕਿ ਤਖ਼ਤਾਂ 'ਤੇ ਕੀਰਤਨ ਕਰਿਆ ਕਰੋ ਪਰ ਉਸ ਸਮੇਂ ਜਥੇ ਨੇ ਉਨ੍ਹਾਂ ਨੂੰ ਇਨਕਾਰ ਕਰ ਦਿਤਾ ਸੀ।