ਨਫ਼ੀਸ ਕੁਮਾਰ ਕਹੇ ਜਾਣ ਨੂੰ ਨਿਤੀਸ਼ ਕੁਮਾਰ ਨੇ ਸਿੱਖਾਂ ਵਲੋਂ ਸੇਵਾ ਦੀ ਕਦਰਦਾਨੀ ਦਸਿਆ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 26 ਦਸੰਬਰ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਐਮ.ਐਲ.ਸੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਟਨਾ ਸਾਹਿਬ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਫ਼ੀਸ ਕੁਮਾਰ ਦੇ ਲਾਡਲੇ ਨਾਮ ਨਾਲ ਅਪਣੇ ਭਾਸ਼ਣ ਵਿਚ ਕਈ ਵਾਰ ਸੰਬੋਧਨ ਕੀਤਾ। ਫ਼ਾਰਸੀ ਅੱਖਰ 'ਨਫ਼ੀਸ' ਦਾ ਅਰਥ ਅਤਿ ਸਰਬ-ਉਚਤਮ ਤੇ ਲਾਸਾਨੀ ਹੈ। ਸ. ਰਾਮੂਵਾਲੀਆ ਨੇ ਇਸ ਉਪਾਧੀ ਬਾਰੇ ਸਿੱਖ ਇਤਿਹਾਸ ਦੇ ਖ਼ੂਨੀ ਪੱਤਰਿਆਂ ਰਾਹੀਂ ਵੇਰਵਾ ਦਿੰਦਿਆ ਕਿਹਾ ਕਿ 18ਵੀਂ ਸਦੀ ਵਿਚ ਜਦੋਂ ਨਿਰਦਈ ਹਾਕਮ ਫ਼ਰੁਖ਼ਸੀਅਰ ਵਲੋਂ ਸਿੱਖਾਂ ਦੀ ਨਸਲ ਖ਼ਤਮ ਕਰਨ ਲਈ ਇਕ ਸਿੱਖ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਇਨਾਮ ਰੱਖ ਦਿਤਾ ਸੀ ਤਾਂ ਉਸ ਅਤਿ ਬੂਰੇ ਸਮੇਂ ਵਿਚ ਉਸ ਦਾ ਇਕ ਮੰਤਰੀ ਦੀਵਾਨ ਕੌੜਾ ਮੱਲ ਅੰਦਰੋਂ ਅੰਦਰ ਸਿੱਖਾਂ ਦੀ ਹਰ ਸੰਭਵ ਮਦਦ ਕਰਦਾ ਸੀ। ਉਸ ਦੀ ਇਸ ਭਾਵਨਾ ਸਦਕਾ, ਸਿੱਖ ਉਸ ਨੂੰ ਕੌੜਾ ਮੱਲ ਦੀ ਥਾਂ ਮਿਠਾ ਮੱਲ ਕਹਿ ਕੇ ਸੰਬੋਧਨ ਕਰਦੇ ਸਨ।