ਨਹੀਂ ਛਡਿਆ ਜੱਦੀ ਕਿੱਤਾ ਮੇਲਿਆਂ 'ਚ ਦੁਕਾਨ ਲਗਾਉਂਦੈ ਸ਼੍ਰੋਮਣੀ ਕਮੇਟੀ ਮੈਂਬਰ

ਪੰਥਕ, ਪੰਥਕ/ਗੁਰਬਾਣੀ


ਭਵਾਨੀਗੜ੍ਹ, 12 ਸਤੰਬਰ (ਗੁਰਦਰਸ਼ਨ ਸਿੰਘ ਸਿੱਧੂ): ਨੇੜਲੇ ਪਿੰਡ ਭੜੋ ਦੇ ਵਸਨੀਕ ਨਿਰਮਲ ਸਿੰਘ ਭੜੋਂ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਉਪ੍ਰੰਤ ਵੀ ਅਪਣਾ ਜੱਦੀ ਕਿੱਤਾ ਕਰਨਾ ਨਹੀਂ ਛੱਡ ਰਹੇ। ਜ਼ਿਕਰਯੋਗ ਹੈ ਕਿ ਅੱਜ ਦੇ ਯੁੱਗ ਵਿਚ ਇਕ ਵਾਰ ਵਿਅਕਤੀ ਪੰਚ, ਸਰਪੰਚ ਬਣ ਜਾਵੇ ਤਾਂ ਉਹ ਵੀ ਲੀਡਰੀ ਵਿਚ ਪੈਰ ਧਰਨ ਲੱਗ ਜਾਂਦਾ ਹੈ। ਉਨ੍ਹਾਂ ਕਦੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਕਰ ਕੇ ਕਿਸੇ ਦੇ ਨਿਜੀ ਕੰਮਾਂ ਵਿਚ ਨਾਜਾਇਜ਼ ਦਖ਼ਲਅੰਦਾਜ਼ੀ ਨਹੀਂ ਕੀਤੀ ਸਗੋਂ ਗੁਰੂ ਘਰਾਂ ਦੀ ਮਰਿਆਦਾ ਅਨੁਸਾਰ ਹੀ ਲੋਕਾਂ ਦੀ ਸੇਵਾ ਕੀਤੀ।

ਨਿਰਮਲ ਸਿੰਘ ਭੜੋ 13 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਬਾਵਜੂਦ ਹਰ ਸਾਲ ਮੇਲਿਆਂ ਵਿਚ ਖੇਡਾਂ ਵੇਚਣ ਦੀ ਦੁਕਾਨ ਲਗਾਉਂਦਾ ਆ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਾ ਕੰਮ ਸਿੱਖੀ ਦਾ ਪ੍ਰਚਾਰ, ਲੋੜਵੰਦਾਂ ਦੀ ਮਦਦ ਕਰਵਾਉਣਾ ਹੁੰਦਾ ਹੈ ਨਾ ਕਿ ਸਿਆਸੀ ਕੰਮਾਂ ਵਿਚ ਰੋਹਬ ਝਾੜਨਾ। ਆਮ ਤੌਰ 'ਤੇ ਸ਼੍ਰੋਮਣੀ ਕਮੇਟੀ ਮੈਂਬਰਾਂ 'ਤੇ ਇਹ ਵੀ ਦੋਸ਼ ਲਗਦੇ ਰਹਿੰਦੇ ਹਨ ਕਿ ਥਾਣਿਆਂ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਉਨ੍ਹਾਂ ਦੇ ਕਹਿਣ 'ਤੇ ਹੀ ਲੋਕਾਂ ਦੇ ਕੰਮ ਹੁੰਦੇ ਹਨ ਪਰ ਨਿਰਮਲ ਸਿੰਘ ਭੜੋ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ।

ਜਥੇਦਾਰ ਨਿਰਮਲ ਸਿੰਘ ਭੜੋ ਦਾ ਜਨਮ 1.10.1961 ਨੂੰ ਮਾਤਾ ਲਾਭ ਕੌਰ ਦੀ ਕੁੱਖੋਂ ਪਿਤਾ ਗੁਰਬਖ਼ਸ਼ ਸਿੰਘ ਦੇ ਘਰ ਹੋਇਆ। ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੀ ਪੜ੍ਹਾਈ ਪਿੰਡ ਦੇ ਹੀ ਪ੍ਰਾਈਮਰੀ ਸਕੂਲ ਵਿਚ ਕੀਤੀ ਅਤੇ ਫਿਰ ਦਸਵੀਂ ਕਲਾਸ ਤਕ ਦੀ ਪੜ੍ਹਾਈ ਐਸ. ਡੀ. ਹਾਈ ਸਕੂਲ ਨਾਭਾ ਵਿਚ ਕੀਤੀ। 1980 ਤੋਂ ਲੈ ਕੇ 1983 ਤਕ ਪੰਜਾਬ ਸਕੂਟਰ ਲਿਮ. ਨਾਭਾ ਵਿਚ ਬਤੌਰ ਹੈਲਪਰ ਸਰਵਿਸ ਕੀਤੀ। 16 ਜੂਨ 1982 ਨੂੰ ਉਨ੍ਹਾਂ ਦਾ ਵਿਆਹ ਹਰਪਾਲ ਕੌਰ ਪੁੱਤਰੀ ਜੋਤੀ ਸਿੰਘ ਪਿੰਡ ਮਹਿਮਦਪੁਰ ਜਿਲ੍ਹਾ ਪਟਿਆਲਾ ਨਾਲ ਹੋਇਆ। ਉਨ੍ਹਾਂ ਦੇ ਤਿੰਨ ਬੱਚੇ ਹਨ। ਵੱਡੀ ਲੜਕੀ ਰਾਜਵਿੰਦਰ ਅਤੇ ਲੜਕਾ ਗੁਰਤੇਜ ਸਿੰਘ ਜੋ ਪੰਜਾਬੀ ਯੂਨੀਵਰਸਟੀ ਵਿਚ ਨੌਕਰੀ ਕਰ ਰਹੇ ਹਨ। ਛੋਟਾ ਲੜਕਾ ਗੁਰਵਿੰਦਰ ਸਿੰਘ ਜੋ ਅਪਣੇ ਪਿਤਾ ਨਾਲ ਦੁਕਾਨਦਾਰੀ ਅਤੇ ਮੇਲਿਆਂ ਵਿਚ ਮਦਦ ਕਰਦਾ ਹੈ।

ਜਥੇਦਾਰ ਨਿਰਮਲ ਸਿੰਘ ਭੜੋ ਨੇ ਦਸਿਆ ਉਨ੍ਹਾਂ 8 ਸਾਲ ਸੜਕ ਮਹਿਕਮੇ ਵਿਚ ਬਤੌਰ ਸੁਪਰਵਾਈਜ਼ਰ ਕੰਮ ਕੀਤਾ। 8 ਸਾਲ ਆਈਏਐਲ ਵਿਚ ਬਤੌਰ ਟੈਕਨੀਸ਼ੀਅਨ ਨੌਕਰੀ ਕੀਤੀ। ਉਨ੍ਹਾਂ ਅਪਣਾ ਜੱਦੀ ਕਿੱਤਾ ਲਗਭਗ 30 ਸਾਲ ਤੋਂ ਮੇਲਿਆਂ ਵਿਚ ਖੇਡਾਂ ਵੇਚਣ ਦਾ ਕੰਮ ਕਰਨਾ ਨਹੀਂ ਛਡਿਆ। ਨਿਰਮਲ ਸਿੰਘ ਭੜੋ 7 ਨਵੰਬਰ 2004 ਵਿਚ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਬਤੌਰ ਮੈਂਬਰ ਦੀ ਚੋਣ ਜਿੱਤ ਗਏ ਜੋ 30 ਅਕਤੂਬਰ 2016 ਤਕ ਲਗਭਗ 13 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਰਹੇ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਦਲਿਤ ਪਰਵਾਰ ਨਾਲ ਸਬੰਧਤ ਅਤੇ ਮੇਲਿਆਂ ਵਿਖ ਖੇਡਾਂ ਦਾ ਸਮਾਨ ਵੇਚ ਕੇ ਪਰਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਜਥੇਦਾਰ ਨਿਰਮਲ ਸਿੰਘ ਭੜੋ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਤੋਂ ਅਪਣੇ ਲਈ ਕੋਈ ਨਿਜੀ ਖ਼ਰਚਾ ਅਤੇ ਨਾ ਹੀ ਕੋਈ ਟੀ. ਏ./ਡੀ. ਏ. ਕਿਸੇ ਵੀ ਗੁਰੂ ਘਰ ਵਿਚੋਂ ਨਹੀਂ ਲਿਆ ਅਤੇ ਗੁਰੂ ਘਰਾਂ ਦੇ ਸਿਧਾਂਤ ਮੁਤਾਬਕ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ 'ਤੇ ਡਟ ਕੇ ਪਹਿਰਾ ਦਿਤਾ।

ਮਾਲਵੇ ਦੇ ਪ੍ਰਸਿੱਧ ਮੇਲੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਨਮਾਦਿਆਂ ਵਿਖੇ 13, 14 ਅਤੇ 15 ਸਤੰਬਰ ਤਿੰਨ ਦਿਨਾਂ ਸ਼ੁਰੂ ਹੋ ਚੁੱਕੇ ਗੁੱਗਾ ਮਾੜੀ ਦੇ ਮੇਲੇ 'ਤੇ ਨਿਰਮਲ ਸਿੰਘ ਭੜੋ ਅੱਜ ਵੀ ਅਪਣੀ ਦੁਕਾਨ ਸਜਾਈ ਬੈਠਾ ਹੈ। ਉਨ੍ਹਾਂ ਗੁਰੂ ਘਰਾਂ ਨੂੰ 70 ਦੇ ਕਰੀਬ ਚੰਦੋਏ, 20 ਧਾਰਮਕ ਲਾਇਬਰੇਰੀਆਂ, 20 ਲੱਖ ਦੇ ਗ਼ਰੀਬ ਲੋੜਵੰਦ ਗੁਰਦਵਾਰਿਆਂ ਅਤੇ ਲੋੜਵੰਦ ਪਰਵਾਰਾਂ ਦੀ ਮਦਦ ਕੀਤੀ। ਜਥੇਦਾਰ ਭੜੋ ਨੇ ਦਸਿਆ ਕਿ ਉਨ੍ਹਾਂ ਸਿੱਖੀ ਦੇ ਪ੍ਰਚਾਰ ਲਈ ਪਹਿਲ ਕਰਦਿਆਂ ਪਿੰਡਾਂ ਵਿਚ ਧਾਰਮਕ ਫ਼ਿਲਮਾਂ ਵਿਖਾਈਆਂ, ਗੁਰਬਾਣੀ ਦਾ ਪ੍ਰਚਾਰ ਅਤੇ ਕਥਾ ਕੀਰਤਨ ਕਰਵਾਇਆ। ਹਮੇਸ਼ਾਂ ਸਿੱਖੀ ਸਿਧਾਂਤਾਂ 'ਤੇ ਡਟ ਕੇ ਪਹਿਰਾ ਦਿਤਾ ਅਤੇ ਦਿੰਦੇ ਰਹਿਣਗੇ।