ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਵੇਰਵੇ ਇਕੱਠੇ ਕਰੇਗੀ ਸ਼੍ਰੋਮਣੀ ਕਮੇਟੀ: ਬਡੂੰਗਰ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 5 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਲੇਪਾਣੀ ਵਿਖੇ ਸਜ਼ਾਵਾਂ ਭੁਗਤਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਇਤਿਹਾਸ ਨੂੰ ਉਭਾਰਨ ਲਈ 'ਕਾਲਾਪਾਣੀ ਪੰਜਾਬੀ ਫ੍ਰੀਡਮ ਫ਼ਾਈਟਰ ਪ੍ਰਾਜੈਕਟ' ਤਹਿਤ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ ਕੱਟਣ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਵੇਰਵੇ ਇਕੱਤਰ ਕਰੇਗੀ। ਇਸ ਸਬੰਧ ਵਿਚ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰਾਜੈਕਟ ਤਹਿਤ ਮੁਢਲੇ ਤੌਰ 'ਤੇ ਖ਼ਰਚੀ ਜਾਵੇਗੀ।
ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਾਲੇਪਾਣੀ ਵਜੋਂ ਮਸ਼ਹੂਰ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ ਜੋ ਅੱਜ ਕਲ ਇਕ ਮਿਊਜ਼ੀਅਮ ਵਿਚ ਤਬਦੀਲ ਕਰ ਦਿਤੀ ਗਈ ਹੈ, ਵਿਖੇ ਪੰਜਾਬੀਆਂ ਤੇ ਖ਼ਾਸ ਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰ ਕੇ ਦਰਸਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਤੁਰਤ ਕਾਰਵਾਈ ਕਰਦਿਆਂ ਇਕ ਵਫ਼ਦ ਉਥੇ ਭੇਜਿਆ ਗਿਆ ਸੀ। ਵਫ਼ਦ ਨੇ ਉਥੋਂ ਦੇ ਹਲਾਤ ਦਾ ਮੁਲਾਂਕਣ ਕਰਨ ਉਪ੍ਰੰਤ ਅਪਣੀ ਰੀਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਥੇ ਬਣੇ ਮਿਊਜ਼ੀਅਮ ਵਿਚ ਚਲਾਏ ਜਾਂਦੇ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਦੇ ਨਾਲ-ਨਾਲ ਫ਼ੋਟੋ ਗੈਲਰੀ ਵਿਚੋਂ ਵੀ ਪੰਜਾਬ ਦੇ ਆਜ਼ਾਦੀ ਪ੍ਰਵਾਨਿਆਂ ਦੇ ਇਤਿਹਾਸ ਨਾਲ ਨਾਇਨਸਾਫ਼ੀ ਕੀਤੀ ਜਾ ਰਹੀ ਹੈ। ਵਫ਼ਦ ਨੇ ਉਥੋਂ ਦੇ ਰਾਜਪਾਲ ਲੈਫ਼ਟੀਨੈਂਟ ਜਗਦੀਸ਼ ਮੁਖੀ ਨਾਲ ਵੀ ਮੁਲਾਕਾਤ ਕਰ ਕੇ ਇਸ ਮਾਮਲੇ ਨੂੰ ਉਠਾਇਆ ਸੀ ਜਿਨ੍ਹਾਂ ਨੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਵੇਰਵੇ ਦੇਣ ਬਾਰੇ ਕਿਹਾ ਸੀ।