ਨਵੀਂ ਦਿੱਲੀ, 7 ਫ਼ਰਵਰੀ (ਸੁਖਰਾਜ ਸਿੰਘ): ਭਾਰਤੀ ਸੰਸਦ ਵਲੋਂ ਆਨੰਦ ਮੈਰਿਜ ਐਕਟ 2012 ਪਾਸ ਕੀਤੇ ਜਾਣ 'ਤੇ ਇਸ ਨੂੰ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਵਿਚ ਵੀ ਆਨੰਦ ਮੈਰਿਜ ਐਕਟ ਬਣਾਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ ਤਾਕਿ ਪਾਕਿਸਤਾਨ ਵਿਚ ਰਹਿੰਦੇ ਸਿੱਖ ਵੀ ਅਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਤਹਿਤ ਕਰਵਾ ਸਕਣ।ਇਸ ਸਬੰਧੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਪਾਕਿਤਸਾਨੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਇਸ ਸਬੰਧੀ ਸੂਬਾਈ ਵਿਧਾਨ ਸਭਾ ਵਿਚ ਇਕ ਬਿਲ ਪੇਸ ਕੀਤਾ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਨੇ ਉਕਤ ਬਿਲ ਸਟੈਂਡਿੰਗ ਕਮੇਟੀ ਕੋਲ ਭੇਜ ਦਿਤਾ ਹੈ ਤਾਕਿ ਬਿਲ ਦਾ ਖਰੜਾ ਤਿਆਰ ਕੀਤਾ ਜਾ ਸਕੇ। ਸ. ਸਿਰਸਾ ਨੇ ਦਸਿਆ ਕਿ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਰਮੇਸ਼ ਸਿੰਘ
ਅਰੋੜਾ ਨੇ ਉਨ੍ਹਾਂ ਨੂੰ ਇਹ ਬਿਲ ਰਾਜਧਾਨੀ ਦਿੱਲੀ ਸਮੇਤ 14 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕਰਵਾਉਣ ਦੀ ਵਧਾਈ ਦਿਤੀ। ਉਨ੍ਹਾਂ ਇਸ ਬਾਬਤ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਵੀ ਮੰਗਿਆ ਹੈ ਤੇ ਭਾਰਤ ਵਿਚ ਪਾਸ ਕੀਤੇ ਬਿਲ ਦੀ ਕਾਪੀ ਵੀ ਮੰਗੀ ਹੈ। ਸ. ਸਿਰਸਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦ ਆਨੰਦ ਮੈਰਿਜ ਐਕਟ ਦੁਨੀਆਂ ਦੇ ਸਾਰੇ ਮੁੱਖ ਦੇਸ਼ਾਂ ਵਿਚ ਤਿਆਰ ਕਰਨਾ ਪਵੇਗਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ਿਸ਼ ਸਦਕਾ ਸਿੱਖ ਹੁਣ ਦੁਨੀਆਂ ਦੇ ਹਰ ਹਿੱਸੇ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਮੁਲਕਾਂ ਵਿਚ ਤਾਂ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਹੈ ਤੇ ਇਸ ਲਈ ਇਨ੍ਹਾਂ ਮੁਲਕਾਂ ਵਿਚ ਇਹ ਐਕਟ ਬਣਾਏ ਜਾਣ ਨਾਲ ਸਿੱਖ ਜੋੜਿਆਂ ਨੂੰ ਉਕਤ ਐਕਟ ਤਹਿਤ ਵਿਆਹ ਰਜਿਸਟਰੇਸ਼ਨ ਕਰਵਾਉਣ ਦੀ ਸਹੂਲਤ ਮਿਲ ਜਾਵੇਗੀ।