ਨਵੀਂ ਦਿੱਲੀ, 27 ਦਸੰਬਰ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚਕਾਰ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ 'ਤੇ ਅਪਣਾ ਦਾਬਾ ਕਾਇਮ ਰੱਖਣ ਦੀ ਅਦਾਲਤੀ ਲੜਾਈ ਵਿਚਕਾਰ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਪਟਨਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਬਾਅ ਹੇਠ ਹਨ, ਪਰ ਸਾਨੂੰ ਨਿਤਿਸ਼ ਕੁਮਾਰ ਤੋਂ ਕੋਈ ਸ਼ਿਕਾਇਤ ਨਹੀਂ। ਉਨ੍ਹਾਂ ਇਥੋਂ ਤਕ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਐਨ.ਡੀ.ਏ. ਦਾ ਭਾਈਵਾਲ ਹੋਣ ਕਰ ਕੇ, ਅਪਣੇ ਅਸਰ ਰਸੂਖ ਦੀ ਗ਼ਲਤ ਵਰਤੋਂ ਕਰ ਰਿਹਾ ਹੈ ਤਾ ਕਿ ਉਹ ਪਟਨਾ ਸਾਹਿਬ ਕਮੇਟੀ 'ਤੇ ਅਪਣਾ ਕਬਜ਼ਾ ਕਾਇਮ ਰੱਖ ਸਕੇ।