ਪੰਥਕ ਜਜ਼ਬਾਤ ਦੀ ਨਬਜ਼ ਨੂੰ ਵੇਖ ਕੇ ਹੀ ਆਦੇਸ਼ ਜਾਰੀ ਕਰਨ ਜਥੇਦਾਰ: ਪੰਜੋਲੀ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਅਨੰਦਪੁਰ ਸਾਹਿਬ, 6 ਜਨਵਰੀ (ਸੁਖਵਿੰਦਰ ਪਾਲ ਸਿੰਘ ਸੁੱਖੂ):  ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰਾਂ ਨੂੰ ਬੇਨਤੀ ਕੀਤੀ ਹੈ ਕਿ ਪੰਥਕ ਜਜ਼ਬਾਤ ਦੀ ਨਬਜ਼ ਨੂੰ ਵੇਖੋ ਕਿ ਪੰਥ ਕੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਥਕ ਜ਼ਜ਼ਬਾਤ ਦੀ ਨਬਜ਼ ਨੂੰ ਵੇਖ ਕੇ ਹੀ ਜਥੇਦਾਰਾਂ ਨੂੰ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਜਥੇਦਾਰਾਂ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ 25 ਦਸੰਬਰ ਨੂੰ ਮਨਾਇਆ ਜਾਵੇ। ਇਸ ਸਬੰਧੀ ਸ੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਵੀ ਕੀਤੀ ਸੀ ਕਿ 25 ਦਸੰਬਰ ਨੂੰ ਸ੍ਰੀ 

ਫ਼ਤਿਹਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਸਬੰਧੀ ਸ਼ਹੀਦੀ ਸਭਾ ਆਰੰਭ ਹੋ ਜਾਂਦੀ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਤਰੀਕ 5 ਜਨਵਰੀ 2018 ਕੀਤਾ ਜਾਣਾ ਚਾਹੀਦਾ ਹੈ ਪਰ ਜਥੇਦਾਰਾਂ ਅਪਣਾ ਫ਼ੈਸਲਾ ਸੁਣਾ ਦਿਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ 25 ਦਸੰਬਰ ਨੂੰ ਹੀ ਮਨਾਇਆ ਜਾਵੇ। ਉਨ੍ਹਾਂ ਕਿਹਾ ਦੁਨੀਆਂ ਭਰ ਦੇ ਸਿੱਖਾਂ ਨੇ ਜਥੇਦਾਰਾਂ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ 5 ਜਨਵਰੀ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਪੁਰਬ ਮਨਾਇਆ। ਇਹ ਪੰਥਕ ਫ਼ੈਸਲਾ ਹੈ ਜਿਸ ਦੀ ਆਵਾਜ਼ ਜਥੇਦਾਰਾਂ ਨੂੰ ਸੁਣਨੀ, ਸਮਝਣੀ ਚਾਹੀਦੀ ਹੈ ਕਿ ਪੰਥ ਕੀ ਚਾਹੁੰਦਾ ਹੈ?