ਅੰਮ੍ਰਿਤਸਰ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥਕ ਮਸਲਿਆਂ 'ਚ ਆਰ ਐਸ ਐਸ ਦੀ ਦਖ਼ਲਅੰਦਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੀ ਸਰਕਾਰ ਹੋਂਦ 'ਚ ਆਉਣ ਮਗਰੋਂ ਆਰ ਐਸ ਐਸ ਦੇ ਮਜ਼ਬੂਤ ਤੇ ਕਾਂਗਰਸ ਹਾਈਕਮਾਂਡ ਦੇ ਦਿਨ-ਬ-ਦਿਨ ਕਮਜ਼ੋਰ ਹੋਣ ਕਾਰਨ ਘੱਟ ਗਿਣਤੀ ਵਰਗ ਦਾ ਮਾਨਸਿਕ ਤੌਰ ਤੇ ਮਨੋਬਲ ਡਿੱਗਾ ਹੈ ਜਿਸ ਦਾ ਇਕ ਹੋਰ ਕਾਰਨ ਸਿੱਖ ਨਸਲਕੁਸ਼ੀ ਤੇ ਗੁਜਰਾਤ 'ਚ ਹੋਏ ਦੰਗਿਆਂ ਲਈ ਜ਼ੁੰਮੇਵਾਰਾਂ ਨੂੰ ਸਜ਼ਾਵਾਂ ਨਾ ਮਿਲਣਾ ਵੀ ਹੈ। ਬਾਬਰੀ ਮਸਜਿਦ ਢਾਹੁਣ ਨਾਲ ਵੀ ਇਕ ਵਿਸ਼ੇਸ਼ ਵਰਗ ਨੂੰ ਉਭਰਨ ਦਾ ਮੌਕਾ ਮਿਲਿਆ। ਅਦਾਲਤੀ ਸਜ਼ਾਵਾਂ ਭੁਗਤ ਚੁੱਕੇ ਅਤੇ ਬਿਰਧ ਹੋਏ ਸਿੱਖ ਆਗੂ ਜੇਲਾਂ ਵਿਚ ਡੱਕੇ ਹਨ। ਪੰਜਾਬ 'ਚ ਲਗਭਗ 15 ਸਾਲ ਰਾਜ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਮਿਲ ਕੇ ਕੀਤਾ। ਅਸਲ ਵਿਚ ਭਾਜਪਾ ਦੀ ਹਾਈ ਕਮਾਂਡ ਆਰ ਐਸ ਐਸ ਹੈ ਜਿਸ ਦਾ ਇਕੋ ਇਕ ਮਕਸਦ ਹਿੰਦੂ ਧਰਮ ਨੂੰ ਪ੍ਰਮੋਟ ਕਰਨਾ ਹੈ ਜਿਸ ਤੋਂ ਘੱਟ ਗਿਣਤੀਆਂ ਖ਼ਫ਼ਾ ਹਨ। ਦੇਸ਼ ਦੇ ਅਜ਼ਾਦੀ ਸੰਗਰਾਮ ਤੇ 1947 ਤੋਂ ਬਾਅਦ ਵੀ ਘੱਟ ਗਿਣÎਤੀਆਂ 'ਚ ਸੱਭ ਤੋਂ ਮਾਰਸ਼ਲ ਸਿੱਖ ਕੌਮ ਮੰਨੀ ਜਾਂਦੀ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਉਹ ਬੜ੍ਹਕ ਨਹੀਂ ਰਹੀ ਜੋ ਕਿਸੇ ਵੇਲੇ ਅਕਾਲੀ ਫੂਲਾ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸੰਤ ਫ਼ਤਿਹ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੀ।
ਸਿੱਖਾਂ ਤੇ ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਸੁਣਵਾਈ ਮੋਦੀ ਦਰਬਾਰ 'ਚ ਫਿੱਕੀ ਹੈ। ਦੇਸ਼ ਭਰ ਵਿਚ ਇਸ ਵੇਲੇ ਆਰ ਐਸ ਐਸ ਦਾ ਹਊਆ ਹੈ। ਰਾਸ਼ਟਰੀ ਸਿੱਖ ਸੰਗਤ ਦੇ ਭੇਸ ਵਿਚ ਦਿੱਲੀ ਹੋ ਰਹੇ ਸਮਾਗਮ ਦੀ ਪ੍ਰਧਾਨਗੀ ਆਰ ਐਸ ਐਸ ਮੁਖੀ ਭਗਵਤ ਵਲੋਂ ਕਰਨੀ ਹੋਰ ਵੀ ਜ਼ਿਆਦਾ ਗੰਭੀਰ ਮਸਲਾ ਹੈ ਪਰ ਪ੍ਰਭਾਵਸ਼ਾਲੀ ਲੀਡਰਸ਼ਿਪ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਤੇ ਨਾ ਹੀ ਪੰਥਕ ਦਲਾਂ ਪਾਸ ਹੈ। ਸਿੱਖ ਰਲ ਕੇ ਇਹ ਗੱਲ ਮੰਨ ਕੇ ਚਲ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਂਗਡੋਰ ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਹੋਣ ਕਰ ਕੇ ਸਿੱਖੀ ਦਾ ਘਾਣ ਹੋਇਆ ਹੈ।
ਇਸ ਵੇਲੇ ਵਿਰੋਧੀ ਧਿਰ ਦਾ ਵੀ ਕੋਈ ਦਬਾਅ ਮੋਦੀ ਸਰਕਾਰ ਤੇ ਨਹੀਂ ਹੈ। ਰਾਹੁਲ ਗਾਂਧੀ ਅਜੇ ਪ੍ਰਭਾਵਸ਼ਾਲੀ ਆਗੂ ਨਹੀਂ ਬਣ ਸਕਿਆ। ਦੇਸ਼ ਦੀ ਸਮੁੱਚੀ ਧਾਰਮਕ, ਰਾਜਸੀ ਤੌਰ 'ਤੇ ਝਾਤੀ ਮਾਰੀ ਜਾਵੇ ਤਾਂ ਇਹ ਸਪੱਸ਼ਟ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤੇ ਆਰ ਐਸ ਐਸ ਦਾ ਬੋਲਬਾਲਾ ਸਾਹਮਣੇ ਆ ਰਿਹਾ ਹੈ। ਸਿੱਖ ਹਲਕਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਕਮਜ਼ੋਰੀਆਂ ਕਾਰਨ ਹੀ ਆਰ ਐਸ ਐਸ ਦਾ ਦਬਾਅ ਵਧਦੇ ਜਾਣ ਦੀ ਚਰਚਾ ਹੈ। ਸਿੱਖ ਹਲਕੇ ਇਹ ਵੀ ਮੰਨ ਕੇ ਚਲ ਰਹੇ ਹਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕੋਲ ਸਿੱਖ ਸਿਆਸਤ ਦੀ ਵਾਂਗਡੋਰ ਹੈ ਤਾਂ ਪੰਥਕ ਦਲ ਵੀ ਵੱਖ ਵੱਖ ਵਿਚਾਰਧਾਰਾ ਨਾਲ ਜੁੜੇ ਹਨ ਤੇ ਇਕ ਮੰਚ ਤੇ ਸਿੱਖੀ ਮਸਲਿਆਂ ਸਬੰਧੀ ਆਵਾਜ਼ ਬੁਲੰਦ ਨਹੀਂ ਕਰ ਰਹੇ। ਮੌਜੂਦਾ ਸਥਿਤੀਆਂ 'ਚ ਸਿੱਖਾਂ ਨੂੰ ਇਕ ਪ੍ਰਭਾਵਸ਼ਾਲੀ ਆਗੂ ਪੈਦਾ ਕਰਨਾ ਪਵੇਗਾ ਜੋ ਸੱਭ ਨੂੰ ਨਾਲ ਲੈ ਕੇ ਚੱਲਣ ਦੇ ਸਮੱਰਥ ਹੋਵੇ। ਪਰ ਅਜੇ ਦਿੱਲੀ ਦੂਰ ਹੈ।