ਸਮਾਜ ਸੁਧਾਰ ਦੇ ਯਤਨਾਂ ਦੀ ਅਤੇ ਗ਼ਰੀਬ ਦੇ ਹੱਕ ਵਿਚ ਖਲੋਣ ਦੀ ਪ੍ਰਭੂ ਯਸੂ ਦੀ ਇੰਜੀਲ (ਜੀਵਨੀ) ਵਿਚ ਵਾਕਿਆ ਹੈ ਕਿ ਇਕ ਵਾਰ ਇਕ ਲੱਖਪਤੀ ਸੇਠ ਦਾ ਪ੍ਰਭੂ ਯਸੂ ਨਾਲ ਰਸਤੇ ਵਿਚ ਮਿਲਾਪ ਹੋ ਜਾਂਦਾ ਹੈ। ਜਦੋਂ ਸੇਠ ਅਪਣਾ ਮਾਲ ਊਠਾਂ ਉਤੇ ਲੱਦ ਕੇ ਵਣਜ ਵਪਾਰ ਲਈ ਜਾ ਰਿਹਾ ਹੁੰਦਾ ਹੈ। ਪ੍ਰਭੂ ਨਾਲ ਮਿਲਾਪ ਦਾ ਸੁਨਹਿਰੀ ਸਬੱਬ ਵੇਖ ਕੇ ਉਹ ਦੌੜਦਾ ਹੋਇਆ ਪ੍ਰਭੂ ਪਾਸ ਆ ਜਾਂਦਾ ਹੈ ਅਤੇ ਪੁਛਦਾ ਹੈ ਕਿ ਸਵਰਗ ਵਿਚ ਜਾਣ ਵਾਸਤੇ ਉਸ ਨੂੰ ਕੀ ਕਰਨਾ ਚਾਹੀਦਾ ਹੈ? ਅੱਗੋਂ ਪ੍ਰਭੂ ਯਸੂ ਜਵਾਬ ਦਿੰਦੇ ਹਨ ਕਿ ਇਨਸਾਨੀਅਤ ਨਾਲ ਪਿਆਰ ਕਰਦੇ ਹੋਏ ਤੂੰ ਅਪਣਾ ਮਾਲ-ਧਨ ਗ਼ਰੀਬਾਂ ਵਿਚ ਵੰਡ ਦੇ। ਉਂਜ ਇਹ ਗੱਲ ਵਖਰੀ ਹੈ ਕਿ ਉਸ ਨੇ ਇਹ ਨੇਕੀ ਦਾ ਕਾਰਜ ਨਹੀਂ ਕੀਤਾ ਅਤੇ ਉਦਾਸ ਹੋ ਕੇ ਵਾਪਸ ਚਲਾ ਗਿਆ। ਇੱਥੇ ਪ੍ਰਭੂ ਯਸੂ ਨੇ ਸੰਗਤਾਂ ਨੂੰ ਉਪਦੇਸ਼ ਦਿਤਾ। ਉਸ ਉਪਦੇਸ਼ ਦਾ ਸਿਖਰ ਇਹ ਹੈ ਕਿ 'ਊਠ ਦਾ ਸੂਈ ਦੇ ਨੱਕੇ ਰਾਹੀਂ ਲੰਘ ਜਾਣਾ ਸੁਖਾਲਾ ਹੈ, ਪਰ ਅਮੀਰ ਆਦਮੀ ਕਦੀ ਵੀ ਸਵਰਗ ਵਿਚ ਨਹੀਂ ਜਾ ਸਕਦਾ।' ਉਪਦੇਸ਼ ਵਿਚ ਆਏ ਸ਼ਬਦ ਸਵਰਗ ਦੀ ਏਨੀ ਮਹਾਨਤਾ ਨਹੀਂ ਹੈ। ਮਹਾਨਤਾ ਇਹ ਹੈ ਕਿ ਅਮੀਰਾਂ ਨੂੰ ਗ਼ਰੀਬਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਚੰਗੇ ਦਿਨਾਂ ਦੀ ਆਸ ਨਾ ਰੱਖਣ। ਪ੍ਰਭੂ ਯਸੂ ਦੇ ਇਕ ਹੋਰ ਉਪਦੇਸ਼ ਵਿਚ ਯੱਕੀ ਨਾਂ ਦਾ ਇਨਸਾਨ ਚੁੰਗੀ ਲੈਣ ਵਾਲਾ ਕਲਰਕ ਸੀ, ਜਿਸ ਨੇ ਵੱਢੀ ਦੀ ਕਮਾਈ ਨਾਲ ਬੇਹਿਸਾਬ ਮਾਇਆ ਜੋੜੀ ਹੋਈ ਸੀ। ਇਕ ਸ਼ਾਮ ਪ੍ਰਭੂ ਯਸੂ ਸੰਗਤਾਂ ਸਮੇਤ ਯੱਕੀ ਦੇ ਘਰ ਜਾ ਕੇ ਉਪਦੇਸ਼ ਸਾਂਝਾ ਕਰਦੇ ਹਨ। ਪ੍ਰਭੂ ਯਸੂ ਦੇ ਮਨੁੱਖਤਾ ਪ੍ਰਤੀ ਪਿਆਰ ਤੋਂ ਯੱਕੀ ਏਨਾ ਪ੍ਰਭਾਵਤ ਹੋ ਜਾਂਦਾ ਹੈ ਕਿ ਪ੍ਰਭੂ ਅਤੇ ਸੰਗਤਾਂ ਦੀ ਹਾਜ਼ਰੀ ਵਿਚ ਅਪਣਾ ਮਾਲ-ਧੰਨ ਗ਼ਰੀਬਾਂ ਵਿਚ ਵੰਡਣ ਦਾ ਐਲਾਨ ਕਰ ਦਿੰਦਾ ਹੈ। ਇੰਜੀਲ ਵਿਚ ਪ੍ਰਭੂ ਯਸੂ ਨੇ ਯੱਕੀ ਦੇ ਘਰ ਨੂੰ 'ਮੁਕਤੀ ਵਾਲਾ ਘਰ' ਦਾ ਖ਼ਿਤਾਬ ਦੇ ਕੇ ਨਿਵਾਜਿਆ ਹੈ। ਹੁਣ ਇਸ ਮੁਕਤੀ ਸ਼ਬਦ ਨੂੰ 84 ਲੱਖ ਦੇ ਗੇੜ ਤੋਂ ਮੁਕਤੀ ਮਿਲਣੀ ਨਾ ਸਮਝਿਆ ਜਾਵੇ। ਪ੍ਰਭੂ ਯਸੂ ਇਸ ਸੰਸਾਰ ਨੂੰ 'ਮੁਕਤੀ ਦਾ ਘਰ' (ਸਵਰਗ) ਬਣਾਉਣਾ ਚਾਹੁੰਦੇ ਹਨ।ਇੰਜੀਲ ਦੇ ਇਕ ਹੋਰ ਉਪਦੇਸ਼ ਅਨੁਸਾਰ ਇਕ ਬਹੁਤ ਹੀ ਧਨਾਢ ਮਰਦ ਅਪਣੀਆਂ 4-5 ਔਰਤਾਂ ਨਾਲ ਕਾਮਵਾਸਨਾ ਵਿਚ ਗੜੁੱਚ ਰਹਿੰਦਾ ਅਤੇ ਸੱਤ ਸੱਤ ਰੰਗੇ ਖਾਣੇ ਖਾਂਦਾ ਹੈ। ਉਸ ਦੇ ਆਲੀਸ਼ਾਨ ਮਕਾਨ ਦੀ ਡਿਉਢੀ ਲਾਗੇ ਇਕ ਰੋਗੀ ਭੁੱਖਾ ਮਰ ਰਿਹਾ ਹੁੰਦਾ ਹੈ। ਲਾਜ਼ਰ ਨਾਂ ਦਾ ਇਹ ਤਰਸਯੋਗ ਰੋਗੀ ਜਦ ਅਮੀਰ ਆਦਮੀ ਨੂੰ ਸੁਆਦਲੇ ਭੋਜਨ ਖਾਂਦੇ ਵੇਖਦਾ ਹੈ ਤਾਂ ਮਨ ਵਿਚ ਆਖਦਾ ਹੈ, ''ਮੈਂ ਇਸ ਦੇ ਮੇਜ਼ ਦੇ ਥੱਲੇ ਡਿੱਗੇ ਜੂਠੇ ਚੂਰੇ ਭੂਰੇ ਖਾ ਲਵਾਂ?'' ਪਰ ਗ਼ਰੀਬ ਨੂੰ ਇਸ ਦੀ ਇਜਾਜ਼ਤ ਨਹੀਂ ਹੈ। ਦੋਹਾਂ ਦੀ ਮੌਤ ਤੋਂ ਬਾਅਦ ਪ੍ਰਭੂ ਯਸੂ ਨੇ ਉਪਦੇਸ਼ ਵਿਚ ਧਨਾਢ ਨੂੰ ਗ਼ਰੀਬ ਦੀ ਚਿੰਤਾ ਨਾ ਕਰਨ ਕਰ ਕੇ ਨਰਕ ਦੀ ਅੱਗ ਵਿਚ ਸੜਦੇ ਵਿਖਾਇਆ ਹੈ ਅਤੇ ਲਾਚਾਰ ਨੂੰ ਸਵਰਗ ਦੀ ਠੰਢਕ ਵਿਚ। ਪ੍ਰਭੂ ਯਸੂ ਦੇ ਇਸ ਉਪਦੇਸ਼ ਦਾ ਤਰਕ ਇਹ ਹੈ ਕਿ ਅਧਿਆਤਮਵਾਦੀ ਸਮਸਿਆਵਾਂ ਦੀ ਜੜ੍ਹ ਸਮਾਜਕ ਸਮਸਿਆਵਾਂ ਹੀ ਹੁੰਦੀਆਂ ਹਨ।ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਭੂ ਯਸੂ ਨੇ ਹਥਿਆਰਬੰਦ ਲੜਾਈ ਵੀ ਲੜੀ ਸੀ। ਯਹੂਦੀ ਕੌਮ ਦਾ ਪੂਜਾ ਸਥਾਨ ਯੇਰੁਸ਼ਲਮ (ਰਾਜਧਾਨੀ) ਵਿਚ ਸੀ। 'ਯੇਰੁਸ਼ਲਮ ਦੇ ਮੰਦਰ' ਨਾਲ ਮਸ਼ਹੂਰ ਇਸ ਧਾਰਮਕ ਸਥਾਨ ਦੀ ਇਜ਼ਰਾਈਲ ਦੇ ਬਾਦਸ਼ਾਹ ਸੁਲੇਮਾਨ ਨੇ ਰਚਨਾ 956 ਸਾਲ ਮਸੀਹ ਤੋਂ ਪਹਿਲਾਂ (ਬੀ.ਸੀ.) ਕੀਤੀ ਸੀ। ਪ੍ਰਭੂ ਯਸੂ ਦੇ ਜ਼ਮੀਨ ਵਿਚ (1 ਈਸਵੀ ਸਦੀ) ਮੰਦਰ ਅਤੇ ਧਰਮੀ ਗ੍ਰੰਥੀ ਕਾਬਜ਼ ਸਨ ਅਤੇ ਪ੍ਰਭੂ ਯਸੂ ਨੇ ਦੇਸ਼ ਦੇ ਪਿੰਡਾਂ ਵਿਚ (ਖ਼ਾਸ ਕਰ ਕੇ ਗਲੀਲ ਦੀ ਝੀਲ ਦੇ ਇਲਾਕੇ ਵਿਚ) ਉਪਦੇਸ਼ ਦਿਤੇ ਸਨ। ਪਰ ਮੰਦਰ ਵਿਚ ਹੁੰਦੀ ਹਰ ਬੇਨਿਯਮੀ ਦਾ ਉਨ੍ਹਾਂ ਨੂੰ ਭਲੀ-ਭਾਂਤ ਪਤਾ ਹੁੰਦਾ ਸੀ।ਜਦੋਂ ਕਿਸੇ ਯਹੂਦੀ ਪ੍ਰਵਾਰ ਦਾ ਪਹਿਲੋਤਾ ਪੁੱਤਰ ਅੱਠ ਦਿਨ ਦਾ ਹੋ ਜਾਂਦਾ ਸੀ ਤਾਂ ਇਸੇ ਪੂਜਾ ਸਥਾਨ ਵਿਚ ਮਾਪੇ ਅਤੇ ਰਿਸ਼ਤੇਦਾਰ ਉਸ ਦਾ ਖਤਨਾ (ਸੁੰਨਤ) ਕਰਾਉਂਦੇ ਅਤੇ ਨਾਂ ਰਖਦੇ ਸਨ। ਇਸ ਰੀਤ ਨੂੰ 'ਨਾਮਕਰਨ' ਦੀ ਰੀਤ ਆਖਿਆ ਜਾਂਦਾ ਸੀ। ਬੱਚੇ ਨੂੰ ਮਾਪੇ ਜਾਜਕ (ਪਾਦਰੀ) ਦੇ ਹੱਥਾਂ ਵਿਚ ਦਿੰਦੇ। ਪਾਦਰੀ ਦੁਆ ਕਰਦਾ।
ਬੱਚੇ ਨੂੰ ਵਾਪਸ ਮਾਪਿਆਂ ਦੇ ਹੱਥ ਫੜਾਉਂਦਾ ਅਤੇ ਨਿਸ਼ਚਿਤ ਰਕਮ ਬਟੋਰਦਾ। ਇਕ ਹੋਰ ਰੀਤ ਅਨੁਸਾਰ ਗ਼ਰੀਬ ਮਾਪੇ ਨਾਮਕਰਨ ਅਤੇ ਖਤਨੇ ਦੀ ਰੀਤ ਨਿਭਾਉਂਦੇ ਸਮੇਂ ਕਬੂਤਰਾਂ ਦਾ ਜੋੜਾ ਜਾਜਕ ਨੂੰ ਫੜਾਉਂਦੇ ਅਤੇ ਜਾਜਕ ਕਬੂਤਰਾਂ ਦੇ ਜੋੜੇ (ਨਰਮ ਅਦੇ ਮਾਦਾ) ਦਾ ਲਹੂ ਵਹਾਉਂਦਾ (ਕੁਰਬਾਨੀ ਦਿੰਦਾ) ਸੀ। ਪਹਿਲੋਠੇ ਦੇ ਮਾਪੇ ਜੇਕਰ ਅਮੀਰ ਹੁੰਦੇ ਤਾਂ ਉਹ ਭੇਡ ਦਾ ਬੱਚਾ (ਨਰ ਅਤੇ ਬੱਜ ਰਹਿਤ) ਕੁਰਬਾਨੀ ਵਾਸਤੇ ਜਾਚਕ ਨੂੰ ਦਿੰਦਾ ਅਤੇ ਮੰਦਰ ਵਿਚ ਉਸ ਦਾ ਲਹੂ ਵਹਾਇਆ ਜਾਂਦਾ। ਤਸੀ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਪ੍ਰਭੂ ਯਸੂ ਨੂੰ ਵੀ ਮਾਪੇ ਇਸ ਰੀਤ ਨੂੰ ਨਿਭਾਉਣ ਵਾਸਤੇ ਮੰਦਰ ਵਿਚ ਲੈ ਕੇ ਆਏ ਸਨ ਅਤੇ ਮਾਤਾ ਮਰੀਅਮ ਨੇ ਗ਼ਰੀਬ ਹੋਣ ਕਰ ਕੇ ਕੁਰਬਾਨੀ ਵਾਸਤੇ ਕਬੂਤਰਾਂ ਦਾ ਜੋੜਾ ਹੀ ਅਰਪਨ ਕੀਤਾ ਸੀ। ਪੰਛੀਆਂ ਅਤੇ ਜਾਨਵਰਾਂ ਦਾ ਲਹੂ ਰੱਬ ਨੂੰ ਖ਼ੁਸ਼ ਕਰਨ ਵਾਸਤੇ ਵਹਾਇਆ ਜਾਂਦਾ ਸੀ।ਗੁਰੂ ਨਾਨਕ ਜੀ ਤਾਂ ਬਾਲ ਅਵਸਥਾ ਵਿਚ ਪਹੁੰਚ ਚੁੱਕੇ ਸਨ ਇਸ ਕਰ ਕੇ ਉਨ੍ਹਾਂ ਨੇ ਪੰਡਤ ਪਾਸੋਂ ਜਨੇਊ ਪਵਾਉਣ ਤੋਂ ਨਾਂਹ ਕਰ ਦਿਤੀ ਸੀ ਪਰ 8 ਦਿਨ ਦੇ ਮਾਸੂਮ ਪ੍ਰਭੂ ਯਸੂ ਇਨ੍ਹਾਂ ਰੀਤਾਂ ਨੂੰ ਮੰਨਣ ਤੋਂ ਕਿਵੇਂ ਨਾਂਹ ਕਰ ਸਕਦੇ ਸਨ? ਪਰ ਹੁਣ ਵੇਖੋ 31 ਸਾਲ ਦੇ ਪ੍ਰਭੂ ਯਸੂ ਕੀ ਕਰਦੇ ਹਨ? ਇਸਰਾਈਲ ਦੇਸ਼ ਦਾ ਖੇਤਰਫ਼ਲ ਸਾਡੇ ਪੰਜਾਬ ਜਿੰਨਾ ਹੈ। ਉਪਰੋਕਤ ਰੀਤਾਂ ਨੂੰ ਨਿਭਾਉਣ ਵਾਸਤੇ ਇਕੋ ਹੀ ਧਾਰਮਕ ਕੇਂਦਰ ਸੀ। ਘਰ ਤੁਰਦੇ ਸਮੇਂ ਕਾਹਲੀ ਕਾਹਲੀ ਵਿਚ ਕਈ ਵਾਰ ਕਬੂਤਰ ਲੈਣੇ ਕਈ ਲੋਕ ਭੁੱਲ ਜਾਂਦੇ ਸਨ, ਜਿਸ ਦਾ ਪਤਾ ਉਨ੍ਹਾਂ ਨੂੰ ਰੀਤ ਨੂੰ ਸੰਪੂਰਨ ਕਰਦੇ ਸਮੇਂ ਹੀ ਲਗਦਾ ਸੀ। ਯੇਰੁਸ਼ਲਮ ਦੇ ਧਰਮਗ੍ਰੰਥੀਆਂ ਨੇ ਮੰਦਰ ਦੀ ਪ੍ਰਕਰਮਾ ਵਿਚ ਕਬੂਤਰਾਂ ਨੂੰ ਵੇਚਣ ਅਤੇ ਮਹਿੰਗੇ ਖ਼ਰੀਦਣ ਵਾਸਤੇ ਦੁਕਾਨਾਂ ਖੁਲ੍ਹਵਾ ਦਿਤੀਆਂ ਸਨ ਅਤੇ ਧਰਮ ਗ੍ਰੰਥੀ ਦੁਕਾਨਦਾਰਾਂ ਪਾਸੋਂ ਕਮਿਸ਼ਨ ਖਾਂਦੇ ਸਨ। 'ਇੰਜੀਲ' ਵਿਚ 'ਮੰਦਰ ਦੀ ਸਫ਼ਾਈ' ਦੇ ਸਿਰਲੇਖ ਹੇਠ ਪ੍ਰਭੂ ਯਸੂ ਨੇ ਸੋਚਿਆ ਕਿ ਇਕ ਤਾਂ ਵਿਚਾਰੇ ਲੋਕ ਨਾਮਕਰਨ ਅਤੇ ਖਤਨ ਦੀ ਰੀਤ ਪੂਰੀ ਕਰਨ ਵਾਸਤੇ ਸਮਾਂ ਅਤੇ ਪੈਸਾ ਬਰਬਾਦ ਕਰਨ, ਦੂਜਾ ਮੰਦਰ ਦੀ ਗੋਲਕ ਵਿਚ ਦਾਨ ਭੇਟਾ ਕਰਨ, ਤੀਜਾ ਮਹਿੰਗੇ ਮੁੱਲ ਦੇ ਕਬੂਤਰ ਖ਼ਰੀਦਣ। ਸਾਰੀ ਦੀ ਸਾਰੀ ਲੁੱਟ ਗ਼ਰੀਬ ਦੀ ਹੋਵੇ ਅਤੇ ਲੁੱਟ ਕਰਨ ਮੰਦਰ ਦੇ ਪੁਜਾਰੀ। ਪ੍ਰਭੂ ਯਸੂ ਨੇ ਮਜ਼ਬੂਤ ਕੋਟਲਾ ਲਿਆ, ''ਤੁਸਾਂ ਬੰਦਗੀ ਵਾਲੇ ਘਰ ਨੂੰ ਡਾਕੂਆਂ ਦਾ ਅੱਡਾ ਬਣਾ ਦਿਤੈ।'' ਆਖਦੇ ਹੋਏ ਪ੍ਰਭੂ ਯਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਖੂਬ ਫੰਡਿਆ। ਇਹ ਇਨਕਲਾਬੀ ਕਦਮ ਚੁਕਦੇ ਸਮੇਂ ਪ੍ਰਭੂ ਯਸੂ ਵਿਚ ਏਨੀ ਮਾਨਸਿਕ, ਆਤਮਿਕ ਅਤੇ ਸਰੀਰਕ ਤਾਕਤ ਆ ਗਈ ਕਿ ਸੰਘਰਸ਼ ਇਕਤਰਫ਼ਾ ਹੋ ਨਿਬੜਿਆ। ਕਿਸੇ ਦਾ ਹੀਆਂ ਨਾ ਪਿਆ ਕਿ ਪ੍ਰਭੂ ਅੱਗੇ ਹੱਥ ਚੁੱਕੇ। ਉਸ ਦਿਨ ਦੇ ਸਾਰੇ ਕਬੂਤਰ ਅਤੇ ਭੇਡਾਂ ਦੇ ਮਲੂਕੜੇ ਬੱਚੇ ਪ੍ਰਭੂ ਯਸੂ ਨੇ ਆਜ਼ਾਦ ਕਰਵਾ ਦਿਤੇ। ਠੀਕ 15 ਦਿਨ ਬਾਅਦ ਪ੍ਰਭੂ ਯਸੂ ਨੂੰ ਸ਼ਹੀਦ ਕਰ ਦਿਤਾ ਗਿਆ। ਪਰ ਪ੍ਰਭੂ ਯਸੂ ਦੀ ਕੁਰਬਾਨੀ ਨੇ ਪੰਛੀ ਅਤੇ ਜਾਨਵਰ ਹਮੇਸ਼ਾ ਲਈ ਆਜ਼ਾਦ ਕਰਵਾ ਦਿਤੇ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਿਲਸਿਲਾ ਖ਼ਤਮ ਹੋ ਗਿਆ ਅਤੇ ਠੀਕ 40 ਸਾਲ ਮਗਰੋਂ ਪ੍ਰਭੂ ਯਸੂ ਦੇ ਦਿਤੇ ਹੋਏ ਸਰਾਪ ਕਰ ਕੇ ਵਿਦੇਸ਼ੀ ਮੁਲਕ ਯੂਨਾਨ ਦੇ ਹਮਲੇ ਨਾਲ ਮੰਦਰ ਵੀ ਬਰਬਾਦ ਹੋ ਗਿਆ ਜੋ ਰਹਿੰਦੀ ਦੁਨੀਆਂ ਤਕ ਕਦੀ ਨਹੀਂ ਉਸਰੇਗਾ। ਰੜਾ ਮੈਦਾਨ ਬਣ ਚੁੱਕੇ ਮੰਦਰ ਦੀ ਜ਼ਮੀਨ ਤੇ ਤਿੰਨਾਂ ਕੌਮਾਂ, ਯਹੂਦੀ, ਈਸਾਈ ਅਤੇ ਮੁਸਲਮਾਨਾਂ ਨੇ ਦਾਅਵਾ ਠੋਕਿਆ ਹੋਇਆ ਹੈ। ਅੱਜ ਅਸਮਾਨ ਤੇ ਬਾਜ਼ੀਆਂ ਪਾਉਂਦੇ ਅਤੇ ਲੁੱਡੀਆਂ ਮਾਰਦੇ ਕਬੂਤਰ ਅਤੇ ਧਰਤੀ ਤੇ ਮਲੂਕੜੇ ਭੇਡਾਂ ਦੇ ਬੱਚੇ ਪ੍ਰਭੂ ਯਸੂ ਦੇ ਗੁਣਗਾਨ ਕਰਦੇ ਨਹੀਂ ਥਕਦੇ। ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਵਿਚ ਧਰਮ ਤਬਦੀਲੀ ਦੀ ਲਾਲਸਾ ਨੇ ਬਾਈਬਲ ਦੇ ਮਹਾਨ ਉਪਦੇਸ਼ਾਂ ਨੂੰ ਦਬਾਈ ਰਖਿਆ ਹੈ। ਰਹਿੰਦੇ-ਖੂੰਹਦੇ ਆਪੇ ਬਣੇ ਪ੍ਰਚਾਰਕ ਚਮਤਕਾਰੀ ਬਣ ਕੇ ਕਰੋੜਾਂ ਰੁਪਏ ਬਟੋਰ ਕੇ ਧਨਾਢ ਹੋ ਕੇ ਦੰਦੀਆਂ ਕੱਢ ਰਹੇ ਹਨ। ਇਸੇ ਕਰ ਕੇ ਕੋਈ ਭਾਰਤੀ ਕੁੱਖ 2000 ਸਾਲਾਂ ਤੋਂ ਕੋਈ ਮਾਰਟਨ ਲੂਥਰ ਕਿੰਗ, ਬਿਸ਼ਪ ਟੁਟੂ ਅਤੇ ਮਾਰਟਨ ਲੂਥਰ (ਪਰੋਟੈਸਟੈਂਟ ਚਰਚ ਦਾ ਜਨਮਦਾਤਾ) ਪੈਦਾ ਨਹੀਂ ਕਰ ਰਹੀ। ਆਉ ਬੁੱਧੀਜੀਵੀ ਬਾਈਬਲ ਦੇ ਪ੍ਰਚਾਰਕ (ਅਗਰ ਕੋਈ ਜਿਊਂਦਾ ਹੈ ਤਾਂ) 'ਸਮੇਂ ਦੇ ਹਾਣੀ' ਬਣ ਕੇ ਬਾਈਬਲ ਦਾ ਪ੍ਰਚਾਰ ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਕਰੀਏ ਅਤੇ ਸਮਾਜ ਨੂੰ ਦਸੀਏ ਕਿ ਧਰਤੀ ਉਤੇ ਹੀ ਸਵਰਗ ਦੀ ਸਿਰਜਣਾ ਕਰਨ ਦਾ ਵੱਡਾ ਉਪਰਾਲਾ ਹਨ