ਅੰਮ੍ਰਿਤਸਰ, 6 ਅਕਤੂਬਰ
(ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦੁਆਰਾ ਵਲੋਂ ਪ੍ਰਸਿੱਧ ਸਿੱਖ ਵਿਦਵਾਨ
ਪ੍ਰੋ. ਪਿਆਰਾ ਸਿੰਘ ਪਦਮ ਦੀ ਤਸਵੀਰ ਅੱਜ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ
ਵਿਖੇ ਸਥਾਪਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਦਰਬਾਰ ਸਾਹਿਬ ਦੇ ਮੁੱਖ
ਗ੍ਰੰਥੀ ਗਿ. ਜਗਤਾਰ ਸਿੰਘ, ਅਕਾਲ ਤਖ਼ਤ ਦੇ ਜਥੇਦਾਰ ਗਿ ਗੁਰਬਚਨ ਸਿੰਘ ਤੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਨਿਭਾਈ।
ਇਸ ਮੌਕੇ ਜਥੇਦਾਰ
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਦ ਤੋਂ ਹੋਂਦ ਵਿਚ ਆਈ ਹੈ, ਉਦੋਂ ਤੋਂ
ਹੀ ਗੁਰੂ ਘਰ ਦਾ ਸੁਨੇਹਾ ਦੁਨੀਆਂ ਤਕ ਪਹੁੰਚਾਉਣ ਲਈ ਯਤਨਸ਼ੀਲ ਹੈ। ਇਸੇ ਤਹਿਤ ਸੰਗਤ ਨੂੰ
ਅਪਣੇ ਵਿਰਸੇ ਅਤੇ ਕੌਮੀ ਸ਼ਖ਼ਸੀਅਤਾਂ ਦੇ ਜੀਵਨ ਤੇ ਕੌਮ ਦੀ ਪ੍ਰਫੁੱਲਤਾ ਲਈ ਪਾਏ ਯੋਗਦਾਨ
ਤੋਂ ਸੰਗਤ ਨੂੰ ਜਾਣੂੰ ਕਰਾਉਣ ਲਈ ਉਨ੍ਹਾਂ ਦੀਆਂ ਤਸਵੀਰਾਂ ਸਮੇਂ-ਸਮੇਂ ਕੇਂਦਰੀ ਸਿੱਖ
ਅਜਾਇਬ ਘਰ ਵਿਖੇ ਲਾਈਆਂ ਜਾਂਦੀਆਂ ਹਨ। ਉਨ੍ਹਾਂ ਪ੍ਰੋ. ਪਿਆਰਾ ਸਿੰਘ ਪਦਮ ਦੀ ਤਸਵੀਰ
ਅਜਾਇਬ ਘਰ ਵਿਖੇ ਲਗਾਉਣ ਦੇ ਫ਼ੈਸਲੇ ਲਈ ਪ੍ਰੋ. ਬਡੂੰਗਰ ਦੀ ਸ਼ਲਾਘਾ ਕੀਤੀ। ਇਸ ਮੌਕੇ
ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਸਾਹਿਤਕਾਰ ਪ੍ਰੋ. ਪਿਆਰਾ ਸਿੰਘ ਪਦਮ ਦਾ
ਜੀਵਨ ਗੁਰਮਤਿ ਨੂੰ ਪ੍ਰਣਾਇਆ ਹੋਇਆ ਸੀ। ਉਨ੍ਹਾਂ ਨੇ ਜਿਥੇ ਗੁਰਮਤਿ ਅਨੁਸਾਰੀ ਸਾਦਾ ਜੀਵਨ
ਜੀਵਿਆ ਉਥੇ ਹੀ ਸੰਗਤ ਨੂੰ ਅਪਣੀਆਂ ਲਿਖਤਾਂ ਰਾਹੀਂ ਗੁਰਮਤਿ ਨਾਲ ਜੋੜਿਆ। ਪ੍ਰੋ. ਪਿਆਰਾ
ਸਿੰਘ ਪਦਮ ਦੀ ਕੌਮੀ ਦੇਣ ਦੀ ਪ੍ਰਸ਼ੰਸਾ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਲਿਖਤਾਂ
'ਤੇ ਜਲਦ ਹੀ ਇਕ ਵਿਸ਼ੇਸ਼ ਸੈਮੀਨਾਰ ਖ਼ਾਲਸਾ ਕਾਲਜ, ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਪ੍ਰੋ.
ਪਦਮ ਦੇ ਨਾਂਅ 'ਤੇ ਕਿਸੇ ਯੋਗ ਥਾਂ ਪੁਰ ਲਾਇਬ੍ਰੇਰੀ ਸਥਾਪਤ ਕੀਤੀ ਜਾਵੇਗੀ, ਜਿਸ ਵਿਚ
ਉਨ੍ਹਾਂ ਦੀਆਂ ਪ੍ਰਵਾਨਤ ਲਿਖਤਾਂ ਪਾਠਕਾਂ ਤਕ ਪਹੁੰਚਾਉਣ ਲਈ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਦੌਰਾਨ ਪ੍ਰੋ. ਪਿਆਰਾ ਸਿੰਘ ਪਦਮ ਦੇ ਪਰਵਾਰਕ ਮੈਂਬਰਾਂ ਨੂੰ ਵੀ ਸਿਰੋਪਾਉ ਦੇ ਕੇ
ਸਨਮਾਨਤ ਕੀਤਾ ਗਿਆ।