ਅੰਮ੍ਰਿਤਸਰ, 10 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਅੱਜ ਸਿੱਖ ਕੌਮ ਦੇ ਮਹਾਨ ਰਾਗੀ ਭਾਈ ਹਰੀ ਸਿੰਘ ਅਤੇ ਭਾਈ ਜਸਵੰਤ ਸਿੰਘ ਕੁਲਾਰ ਦੀਆਂ ਤਸਵੀਰਾਂ ਲਾਈਆਂ ਗਈਆਂ। ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਸਵੀਰਾਂ ਤੋਂ ਪਰਦਾ ਹਟਾਇਆ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਅੰਦਰ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਸਮਾਇਆ ਹੋਇਆ ਹੈ। ਇਸ ਵਿਚ ਗੁਰੂਆਂ ਤੋਂ ਇਲਾਵਾ ਮਹਾਨ ਸਿੱਖਾਂ, ਸ਼ਹੀਦਾਂ ਦੀਆਂ ਸੁਸ਼ੋਭਤ ਤਸਵੀਰਾਂ ਸੰਗਤ ਲਈ ਪ੍ਰੇਰਨਾ ਸਰੋਤ ਹਨ।