ਰਾਜ ਪਧਰੀ ਸ਼ੁਕਰਾਨਾ ਸਮਾਗਮ ਵਿਖੇ 31 ਦਸੰਬਰ ਨੂੰ ਨਾਂਦੇੜ 'ਚ: ਫ਼ੜਨਵੀਸ

ਪੰਥਕ, ਪੰਥਕ/ਗੁਰਬਾਣੀ

ਪਟਿਆਲਾ, 15 ਸਤਬੰਰ (ਹਰਦੀਪ ਸਿੰਘ): ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫ਼ੜਨਵੀਸ ਨੇ ਕਿਹਾ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੇ 350ਵੇਂ ਵਰ੍ਹੇ ਦੇ ਸਮਾਗਮਾਂ ਦੀ ਸਮਾਪਤੀ ਬਾਬਤ ਸ਼ੁਕਰਾਨਾ ਸਮਗਾਮ ਨੂੰ ਮਹਾਰਾਸ਼ਟਰ ਰਾਜ ਦਾ ਰਾਜ ਪਧਰੀ ਸਮਾਰੋਹ ਵਜੋਂ 31 ਦਸੰਬਰ ਨੂੰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ 31 ਦਸੰਬਰ ਨੂੰ ਮਨਾਇਆ ਜਾਵੇਗਾ। ਉਹ ਅਪਣੇ ਮੁੰਬਈ ਸਥਿਤ ਨਿਵਾਸ 'ਵਰਸ਼ਾ', ਮਾਲਾਬਾਰ ਹਿਲਸ ਵਿਖੇ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਸ੍ਰੀ ਅਵਿਨਾਸ਼ ਜਾਇਸਵਾਲ ਦੀ ਪ੍ਰਧਨਾਗੀ ਹੇਠ ਪੁਜੇ ਇਕ ਵਫ਼ਦ ਨਾਲ ਮੁਲਾਕਾਤ ਕਰ ਰਹੇ ਸਨ। ਇਸ ਵਫ਼ਦ 'ਚ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸ਼ਤਰੀ, ਮਹਾਰਾਸ਼ਟਰ ਸੂਬੇ ਦੇ ਪ੍ਰਧਾਨ ਮਲਕੀਤ ਸਿੰਘ ਬੱਲ, ਕੌਮੀ ਸਕੱਤਰ ਰਾਜਨ ਖੰਨਾ ਤੇ ਗੁਜਰਾਤ ਦੇ ਜਨਰਲ ਸਕੱਤਰ ਪਵਨ ਸਿੰਧੀ ਵੀ ਸ਼ਾਮਲ ਸਨ।
ਇਸ ਵਫ਼ਦ ਦੀ ਮੁੱਖ ਮੰਤਰੀ ਸ੍ਰੀ ਫੜਨਵੀਸ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਦਸਿਆ ਕਿ ਫੜਨਵੀਸ ਨੇ ਮਹਾਰਾਸ਼ਟਰ 'ਚ ਵਸਦੇ ਸਿੱਖਾਂ ਦੀਆਂ ਮੁਸ਼ਕਲਾਂ ਤੇ ਹੋਰ ਗੰਭੀਰ ਵਿਸ਼ਿਆਂ 'ਤੇ ਗੱਲਾਂ ਬੜੀ ਸੁਹਿਰਦਤਾ ਨਾਲ ਸੁਣੀਆਂ। ਡਾ. ਸ਼ਾਸਤਰੀ ਨੇ ਦਸਿਆ ਕਿ ਮੁੱਖ ਮੰਤਰੀ ਨੇ ਮਹਾਰਾਸ਼ਟਰ 'ਚ ਪੰਜਾਬੀ ਅਕਾਦਮੀ ਦੀ ਸਥਾਪਨਾ ਜਲਦ ਕਰਨ ਦਾ ਐਲਾਨ ਵੀ ਕੀਤਾ।
ਇਸ ਤੋਂ ਇਲਾਵਾ ਮੁੰਬਈ ਦੇ ਸਿੱਖਾਂ ਕੋਲ ਥਾਂ ਦੀ ਘਾਟ ਦੇ ਚਲਦਿਆਂ ਗੁਰਪੁਰਬ ਤੇ ਨਗਰ ਕੀਰਤਨ ਆਦਿ ਸਮਾਗਮਾਂ ਲਈ ਸਰਵਜਨਕ ਸਥਾਨ ਦੀ ਵੰਡ ਲਈ ਵੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ।