ਰਾਮ ਦਾ ਨਾਂਅ ਬਦਨਾਮ ਨਾ ਕਰਨ ਬਾਬੇ

ਪੰਥਕ, ਪੰਥਕ/ਗੁਰਬਾਣੀ



ਮਲੇਰਕੋਟਲਾ, 28 ਅਗੱਸਤ (ਬਲਵਿੰਦਰ ਸਿੰਘ ਭੁੱਲਰ):  ਡੇਰਾਵਾਦ ਸਮਾਜ ਲਈ ਖ਼ਤਰਨਾਕ ਸਾਬਤ ਹੋਇਆ ਹੈ ਕਿਉਂਕਿ ਜਦ ਵੀ ਕੋਈ ਡੇਰਾ ਪ੍ਰਫ਼ੁੱਲਤ ਹੁੰਦਾ ਹੈ ਤਾਂ ਉਸ ਵਿਚ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੇ ਨਾਂਅ ਦੀ ਦੁਰਵਰਤੋਂ ਕਰ ਕੇ ਆਮ ਜਨਤਾ ਨੂੰ ਗੁਮਰਾਹ ਕੀਤਾ ਜਾਂਦਾ ਹੈ। ਜਿਵੇਂ ਕਿ ਉਤਰ ਪ੍ਰਦੇਸ ਦੇ ਸੰਤ ਰਾਮ ਬ੍ਰਿਕਸ ਕਾਫ਼ੀ ਦੇਰ ਪਹਿਲਾਂ ਇਕ ਗੰਭੀਰ ਦੋਸ਼ ਵਿਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਦੌਰਾਨ ਲਗਭਗ 30 ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਸੀ। ਇਸ ਦੇ ਕੁੱਝ ਦੇਰ ਬਾਅਦ ਹਰਿਆਣੇ ਨਾਲ ਸਬੰਧਤ ਸੰਤ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਭਾਰੀ ਜਾਨੀ ਨੁਕਸਾਨ ਹੋਇਆ ਸੀ। ਉਸ ਤੋਂ ਤੁਰਤ ਬਾਅਦ ਆਸਾਰਾਮ ਬਾਪੂ ਨੂੰ ਮੱਧ ਪ੍ਰਦੇਸ ਤੋਂ ਜਿਨਸ਼ੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਤਿੰਨ ਸਾਲ ਬੀਤਣ ਬਾਅਦ ਤੋਂ ਬਾਅਦ ਵੀ ਹੁਣ ਤਕ ਜ਼ਮਾਨਤ ਵੀ ਨਹੀਂ ਹੋ ਸਕੀ। ਹੁਣ 25 ਅਗੱਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਵੀ ਜਿਨਸ਼ੀ ਸ਼ੋਸ਼ਣ ਦੇ ਦੋਸ਼ ਵਿਚ ਉਸ ਨੂੰ ਅਦਾਲਤ ਵਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਬਾਬਾ ਰਾਮਦੇਵ ਨੂੰ ਵੀ ਪੁਲਿਸ ਦੇ ਡਰੋਂ ਕਈ ਸਾਲ ਪਹਿਲਾਂ ਦਿੱਲੀ ਤੋਂ ਹਰਿਦੁਆਰ ਨੂੰ ਸਲਵਾਰ ਕਮੀਜ਼ ਅਤੇ ਚੁੰਨੀ ਲੈ ਕੇ ਦੌੜਨਾ ਪਿਆ ਸੀ। ਉਕਤ ਸਾਰੇ ਮਾਮਲਿਆਂ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਸਾਰਿਆਂ ਦੇ ਨਾਵਾਂ ਨਾਲ “ਰਾਮ” ਸ਼ਬਦ ਲਗਦਾ ਹੈ। ਭਗਵਾਨ ਰਾਮ ਦੀ ਸਮੁੱਚੇ ਸੰਸਾਰ ਵਿਚ ਪੂਜਾ ਹੁੰਦੀ ਹੈ ਪਰ ਇਨ੍ਹਾਂ ਸਾਰਿਆਂ ਨੇ ਰਾਮ ਦੇ ਨਾਂਅ ਨੂੰ ਕਲੰਕਿਤ ਕੀਤਾ ਹੈ। ਇਸ ਕਰ ਕੇ ਰਾਮ ਨਾਂਅ ਦੀ ਦੁਰਵਰਤੋਂ ਰੋਕ ਦਿਤੀ ਜਾਣੀ ਚਾਹੀਦੀ ਹੈ। ਘਟੋ-ਘੱਟ ਅਖੌਤੀ ਸਾਧਾਂ ਸੰਤਾਂ ਨੂੰ ਰਾਮ ਸ਼ਬਦ ਦੀ ਵਰਤੋਂ ਤੋਂ ਸਖ਼ਤੀ ਨਾਲ ਮਨਾਹੀ ਕਰ ਦੇਣੀ ਚਾਹੀਦੀ ਹੈ।