ਰਾਸ਼ਟਰੀ ਸਿੱਖ ਸੰਗਤ ਦੇ ਹੁਕਮਨਾਮੇ ਨੂੰ ਲੈ ਕੇ ਫਿਰ ਪਿੱਛਲ ਖੁਰੀ ਪਲਟੇ ਗਿ. ਗੁਰਬਚਨ ਸਿੰਘ

ਪੰਥਕ, ਪੰਥਕ/ਗੁਰਬਾਣੀ

ਨੰਗਲ, 23 ਅਕਤੂਬਰ (ਕੁਲਵਿੰਦਰ ਭਾਟੀਆ):  ਵੱਡੇ ਵੱਡੇ ਮਸਲਿਆਂ ਤੇ ਕੌਮ ਦੇ ਮੁੱਖ ਮੰਨੇ ਜਾਂਦੇ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹਰ ਮਸਲੇ ਤੇ ਕੌਮ ਤੋਂ ਰੋਲਾ ਪੁਆ ਕੇ ਆਪਣੀ ਆਦਤ ਮੁਤਾਬਿਕ ਕਦਮ ਪਿਛੇ ਖਿਚਣ ਦੀ ਪਿਰਤ ਨੂੰ ਜ਼ਾਰੀ ਰੱਖਦਿਆਂ ਰਾਸ਼ਟਰੀ ਸਿੱਖ ਸੰਗਤ ਵਲੋਂ ਕਰਵਾਏ ਜਾ ਰਹੇ ਸਮਾਗਮ ਸਬੰਧੀ ਅੱਜ ਫਿਰ ਇਕ ਪ੍ਰੈੱਸ ਨੋਟ ਜਾਰੀ ਕਰ ਕੇ 2004 ਦਾ ਸੰਦੇਸ਼ ਸੰਗਤਾਂ ਨੂੰ ਮੰਨਣ ਦਾ ਫੁਰਮਾਨ ਜਾਰੀ ਕਰ ਦਿਤਾ ਹੈ।
ਇਥੇ ਦਸਣਾ ਬਣਦਾ ਹੈ ਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਪਿੱਛੇ ਹਟਣ ਦਾ ਇਹ ਕੋਈ ਨਵਾਂ ਮਾਮਲਾ ਨਹੀਂ। ਗਿਆਨੀ ਗੁਰਬਚਨ ਸਿੰਘ ਬਿਨਾ ਸੋਚੇ ਵਿਚਾਰੇ ਫ਼ੈਸਲੇ ਲੈਣ ਲਈ ਪਹਿਲਾਂ ਹੀ ਮਸ਼ਹੂਰੀ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਬਾਬਾ ਵਡਭਾਗ ਸਿੰਘ ਦੇ ਡੇਰੇ ਨੂੰ ਵੀ ਗਿਆਨੀ ਗੁਰਬਚਨ ਸਿੰਘ ਨੇ ਕਲੀਨ ਚਿੱਟ ਦੇ ਦਿਤੀ ਸੀ। ਪਰ ਜਦ ਸਪੋਕਸਮੈਨ ਨੇ ਲਗਾਤਾਰ 7 ਦਿਨ ਕਵਰੇਜ ਦਿਤੀ ਅਤੇ ਕੌਮ ਨੂੰ ਬਾਬਾ ਵਡਭਾਗ ਸਿੰਘ ਦੀ ਅਸਲੀਅਤ ਤੋਂ ਜਾਣੂੰ ਕਰਵਾਇਆ ਤਾਂ ਅਖੀਰ 7ਵੇਂ ਦਿਨ ਸਿੰਘ ਸਾਹਿਬ ਵੀ ਬੋਲ ਪਏ ਕਿ ਕੋਈ ਕਲੀਨ ਚਿੱਟ ਵਡਭਾਗ ਸਿੰਘ ਨੂੰ ਨਹੀਂ ਦਿਤੀ, ਸਿਰਫ਼ ਬਾਬਾ ਸਵਰਨਜੀਤ ਸਿੰਘ ਕੌਮ 'ਚ ਸ਼ਾਮਲ ਹੋਇਆ ਹੈ।

 ਇਸ ਤੋਂ ਇਲਾਵਾ ਸੋਦਾ ਸਾਧ ਮਾਮਲੇ 'ਚ ਰਾਤੋ ਰਾਤ ਬਾਬੇ ਨੂੰ ਕਲੀਨ ਚਿੱਟ ਦੇਣ ਦੀ ਗੱਲ ਵੀ ਜੱਗ ਜਾਹਿਰ ਹੈ ਅਤੇ ਜਦੋਂ ਫਿਰ ਸਪੋਕਸਮੈਨ ਨੇ ਕੌਮ ਦੀ ਅਗਵਾਈ ਕੀਤੀ ਤੇ ਸਾਰੀ ਅਸਲੀਅਤ ਕੌਮ ਅੱਗੇ ਰੱਖ ਕੇ ਕੌਮ ਨੂੰ ਫ਼ੈਸਲਾ ਲੈਣ ਦੀ ਅਪੀਲ ਕੀਤੀ ਤਾਂ ਸਿੰਘ ਸਾਹਿਬ ਫਿਰ ਪਿੱਛਲ ਖੁਰੀ ਵਾਪਸ ਪਲਟ ਗਏ ਅਤੇ ਇਸ ਦੇ ਭੇਦ ਬਾਅਦ ਵਿੱਚ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਖੋਲ ਹੀ ਦਿਤੇ।ਅਜੇ ਦੋ ਦਿਨ ਪਹਿਲਾਂ ਗਿਆਨੀ ਗੁਰਬਚਨ ਸਿੰਘ ਨਾਲ ਪੱਤਰਕਾਰ ਨੇ ਗੱਲ ਕੀਤੀ ਤਾਂ ਉਨ੍ਹਾਂ ਸਾਫ਼ ਕਿਹਾ ਸੀ ਕਿ ਇਹ 2004 ਦਾ ਹੁਕਮਨਾਮਾ ਨਗਰ ਕੀਰਤਨ ਲਈ ਜਾਰੀ ਹੋਇਆ ਸੀ ਨਾਕਿ ਅੱਜ ਲਈ। ਇਸ ਸਮਾਗਮ ਸਬੰਧੀ ਜਥੇਦਾਰਾਂ ਦੀ ਨਵੀਂ ਮੀਟਿੰਗ ਬੁਲਾ ਕੇ ਵਿਚਾਰ ਕੀਤੀ ਜਾਵੇਗੀ ਅਤੇ ਇਹ ਗੱਲ ਬਿਲਕੁਲ ਸਾਫ਼ ਕਹੀ ਸੀ ਕਿ 'ਨਾਂ ਮੈਂ ਇਸ ਸਮਾਗਮ ਵਿੱਚ ਜਾ ਰਿਹਾ ਅਤੇ ਨਾਂ ਹੀ ਮੇਰਾ ਕੋਈ ਸਬੰਧ ਹੈ'। ਇਸ ਗੱਲਬਾਤ ਦੀ ਪੱਤਰਕਾਰ ਕੋਲ ਰਿਕਾਰਡਿੰਗ ਵੀ ਮੌਜੂਦ ਹੈ ਪਰ ਫਿਰ ਅੱਜ ਅਜਿਹਾ ਕੀ ਹੋ ਗਿਆ ਕਿ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਦੇ ਦਸਤਖ਼ਤਾਂ ਹੇਠ ਇਕ ਹੁਕਮਨਾਮਾ ਜਾਰੀ ਕਰ ਦਿਤਾ ਗਿਆ ਕਿ 2004 ਵਿਚ ਹੋਏ ਸੰਦੇਸ਼ ਤੇ ਸੰਗਤਾ ਪਹਿਰਾ ਦੇਣ। ਕਾਹਲੀ ਵਿਚ ਜਾਰੀ ਕੀਤੇ ਇਸ ਪ੍ਰੈੱਸ ਨੋਟ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਜਥੇਦਾਰ ਸਾਹਿਬ ਜਾਂ ਤਾ ਬਿਆਨ ਸੋਚ ਵਿਚਾਰ ਕੇ ਨਹੀਂ ਦਿੰਦੇ ਜਾਂ ਫਿਰ ਉਹ ਕਿਸੇ ਦਬਾਅ ਹੇਠ ਕੰਮ ਕਰ ਰਹੇ ਹਨ।