'ਰੋਜ਼ਾਨਾ ਸਪੋਕਸਮੈਨ' ਦੇ 13ਵੇਂ ਸਾਲ 'ਚ ਦਾਖ਼ਲੇ ਦੀਆਂ ਦੇਸ਼-ਵਿਦੇਸ਼ 'ਚੋਂ ਮੁਬਾਰਕਾਂ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 30 ਨਵੰਬਰ (ਗੁਰਿੰਦਰ ਸਿੰਘ): 'ਰੋਜ਼ਾਨਾ ਸਪੋਕਸਮੈਨ' ਦੇ ਸੰਘਰਸ਼ਮਈ ਤੇ ਔਕੜਾਂ ਨਾਲ ਭਰਪੂਰ ਪਰ ਸਫ਼ਲਤਾਪੂਰਵਕ 12 ਸਾਲ ਪੂਰੇ ਹੋਣ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦੀ ਖ਼ੁਸ਼ੀ 'ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ 'ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ ਜਿਸ ਤਰ੍ਹਾਂ 'ਰੋਜ਼ਾਨਾ ਸਪੋਕਸਮੈਨ' ਵਿਰੁਧ ਚਹੁੰਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ 'ਤੇ ਪਾਬੰਦੀ, ਪੰਥ 'ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿਕ ਪਰ ਫ਼ਿਰ ਵੀ 'ਰੋਜ਼ਾਨਾ ਸਪੋਕਸਮੈਨ' ਦੁਨੀਆਂ ਦਾ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਨੇ ਦਾਅਵਾ ਕੀਤਾ ਕਿ ਪੰਥ ਦੀ ਅਵਾਜ਼ ਬਣ ਚੁੱਕੇ ਸਪੋਕਸਮੈਨ ਨੇ 12 ਸਾਲ ਪਹਿਲਾਂ ਜਦ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰੇਕ ਕੁਹਾੜਾ ਝਲਦਾ ਆ ਰਿਹਾ ਹੈ ਪਰ ਈਨ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਵਲੋਂ ਆਰੰਭੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਪ੍ਰਾਜੈਕਟ ਨੂੰ ਮੁਕੰਮਲ ਹੋਣ 'ਚ ਵੀ ਜਲਦ ਸਫ਼ਲਤਾ ਮਿਲੇ।
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਪੁਜਾਰੀਵਾਦ ਨੇ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਦੀ ਬਜਾਇ ਢਹਿੰਦੀ ਕਲਾ ਦਾ ਰੋਲ ਨਿਭਾਇਆ ਹੈ ਤੇ ਪੰਥ ਦੀ ਬੇੜੀ 'ਚ ਵੱਟੇ ਹੀ ਪਾਏ ਹਨ। ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਵਲੋਂ ਡੇਰਾਵਾਦ, ਪਾਖੰਡਵਾਦ, ਗੰਦੀ ਰਾਜਨੀਤੀ, ਕਰਮਕਾਂਡ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਕੋਝੇ ਹੱਥਕੰਡਿਆਂ ਨੂੰ ਬੇਨਕਾਬ ਕਰਨ ਲਈ ਜੋ ਰੋਲ ਨਿਭਾਇਆ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਨੀ ਥੋੜੀ ਹੈ ਕਿਉਂਕਿ ਪੁਜਾਰੀਵਾਦ ਮੁੱਢ ਕਦੀਮ ਤੋਂ ਹੀ ਮਨੁੱਖਤਾ ਦਾ ਨੁਕਸਾਨ ਕਰਦਾ ਆ ਰਿਹਾ ਹੈ।ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਪੋਕਸਮੈਨ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ 'ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ, ਇਹ ਸਪੋਕਸਮੈਨ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਕਿ ਦਬੇ-ਕੁਚਲੇ ਲੋਕਾਂ ਦੀਆਂ ਖ਼ਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰ ਅਖ਼ਬਾਰਾਂ ਨੂੰ ਵੀ ਗ਼ਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿਤਾ।


ਕਥਾਵਚਕ ਭਾਈ ਹਰਜੀਤ ਸਿੰਘ ਢਪਾਲੀ ਨੇ ਰੋਜ਼ਾਨਾ ਸਪੋਕਸਮੈਨ ਦੇ ਚੁਨੌਤੀਆਂ ਭਰੇ 12 ਸਾਲ ਪੂਰੇ ਹੋਣ ਅਤੇ 13ਵੇਂ ਸਾਲ 'ਚ ਦਾਖ਼ਲ ਹੋਣ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ. ਜੋਗਿੰਦਰ ਸਿੰਘ ਤੇ ਬੀਬੀ ਜਗਜੀਤ ਕੌਰ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੇ ਇਹ ਅਖ਼ਬਾਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਤੇ ਬੇਟੀ ਨਿਮਰਤ ਕੌਰ ਵਲੋਂ ਪੰਥ ਦੀ ਚੜ੍ਹਦੀ ਕਲਾ ਲਈ ਭਵਿੱਖ ਦੇ ਉਲੀਕੇ ਪ੍ਰੋਗਰਾਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।ਮਿਸ਼ਨਰੀ ਪ੍ਰਚਾਰਕ ਗੁਰਜੰਟ ਸਿੰਘ ਰੂਪੋਵਾਲੀ ਨੇ ਸਪੋਕਸਮੈਨ ਦੇ 13ਵੇਂ ਸਾਲ 'ਚ ਦਾਖ਼ਲੇ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਦਾਰਾ ਸਪੋਕਸਮੈਨ ਹੋਰ ਅਡੋਲਤਾ ਤੇ ਨਿਰਭੈਤਾ ਸਹਿਤ ਬਾਬੇ ਨਾਨਕ ਦੇ ਦਰਸਾਏ ਉੱਚੇ-ਸੁੱਚੇ ਤੇ ਸਰਬ-ਸਾਂਝੇ ਆਦਰਸ਼ਾਂ ਨੂੰ ਪ੍ਰਚਾਰਨ ਲਈ ਇਤਿਹਾਸ ਦਾ ਇਕ ਸੁਨਹਿਰੀ ਵਰਕਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸਪੋਕਸਮੈਨ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆਂ ਭਰ 'ਚ ਫੈਲਾਉਣ ਦੀ ਭੂਮਿਕਾ ਨੂੰ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ।ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ੍ਹ ਨੇ ਦਾਅਵਾ ਕੀਤਾ ਕਿ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਜੋ ਢੰਗ-ਤਰੀਕਾ ਰੋਜ਼ਾਨਾ ਸਪੋਕਸਮੈਨ ਨੇ ਅਪਨਾਇਆ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ ਕਿਉਂਕਿ ਲੱਖਾਂ ਵਿਰੋਧੀ ਹਨੇਰੀਆਂ ਦੇ ਬਾਵਜੂਦ ਵੀ ਨਾ ਤਾਂ ਸ. ਜੋਗਿੰਦਰ ਸਿੰਘ ਨੇ ਅਪਣੀ ਕਲਮ ਦਾ ਸੰਤੁਲਨ ਗੁਆਚਣ ਦਿਤਾ ਤੇ ਨਾ ਹੀ ਲਾਲਚ ਵਾਲੇ ਪਾਸੇ ਝਾਕਿਆ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਅਖ਼ਬਾਰੀ ਦੁਨੀਆਂ 'ਚ ਕਈ ਲੋਕ ਮਾਲਾਮਾਲ ਹੋ ਰਹੇ ਹਨ, ਉਥੇ ਦੂਜੇ ਪਾਸੇ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਨੰਗੇ ਧੜ ਪੰਥ ਦੀ ਸੇਵਾ ਕਰਦਿਆਂ ਹਰ ਜਬਰ-ਜ਼ੁਲਮ ਦਾ ਮੁਕਾਬਲਾ ਕਰ ਰਿਹਾ ਹੈ।