'ਰੋਜ਼ਾਨਾ ਸਪੋਕਸਮੈਨ' ਦੀਆਂ ਖ਼ਬਰਾਂ 'ਤੇ ਭਾਈ ਲੌਂਗੋਵਾਲ ਤੇ ਕਾਰਜਕਾਰਨੀ ਨੇ ਲਿਆ ਨੋਟਿਸ

ਪੰਥਕ, ਪੰਥਕ/ਗੁਰਬਾਣੀ

ਸਕੱਤਰਾਂ ਦੀਆਂ ਤਰੱਕੀਆਂ 'ਤੇ ਲਾਈ ਰੋਕਬਰਨਾਲਾ, 13 ਦਸੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਪਹਿਲੀ ਮੀਟਿੰਗ ਵਿਚ 'ਰੋਜ਼ਾਨਾ ਸਪੋਕਸਮੈਨ' ਦੀਆਂ ਖ਼ਬਰਾਂ 'ਤੇ ਨੋਟਿਸ ਲੈਂਦਿਆਂ ਜਿਥੇ ਪਹਿਲੇ ਪ੍ਰਧਾਨ ਪ੍ਰੋ. ਬਡੂੰਗਰ ਵਲੋਂ ਨਿਯਮਾਂ ਨੂੰ ਤੋੜ ਕੇ ਸਕੱਤਰਾਂ ਦੀਆਂ ਕੀਤੀਆਂ ਤਰੱਕੀਆਂ ਰੱਦ ਕਰ ਦਿਤੀਆਂ, ਉਥੇ ਥੋਕ ਵਿਚ ਕੀਤੀਆਂ ਭਰਤੀਆਂ ਦੀ ਪੜਤਾਲ ਲਈ ਵੀ ਜਾਂਚ ਕਮੇਟੀ ਬਣਾ ਦਿਤੀ ਹੈ। ਜ਼ਿਕਰਯੋਗ ਹੈ ਕਿ ਰੋਜ਼ਾਨਾ ਸਪੋਕਸਮੈਨ ਵਿਚ 11 ਦਸੰਬਰ ਨੂੰ ਪੇਜ ਨੰਬਰ 7 'ਤੇ ਇਕ ਰੀਪੋਰਟ ਪ੍ਰਕਾਸ਼ਤ ਹੋਈ ਸੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਮਿਤੀ 15-1-2009 ਨੂੰ ਪਾਏ ਗਏ ਮਤਾ ਨੰਬਰ 267 ਦਾ ਜ਼ਿਕਰ ਕਰਦਿਆਂ ਦਸਿਆ ਗਿਆ ਸੀ ਕਿ ਪ੍ਰੋ. ਬਡੂੰਗਰ ਨੇ ਅਪਣੇ ਪ੍ਰਧਾਨਗੀ ਕਾਲ ਦੌਰਾਨ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਇਕ ਦਸਵੀਂ ਪਾਸ ਵਿਅਕਤੀ ਨੂੰ ਅਤੇ ਇਕ ਬੀ.ਏ ਫੇਲ ਵਿਅਕਤੀ ਨੂੰ ਵਧੀਕ ਸਕੱਤਰ ਤੋਂ ਪਦ ਉਨਤ ਕਰਦਿਆਂ ਸਕੱਤਰ ਲਗਾ ਦਿਤਾ ਜਦਕਿ ਮਤਾ 267 ਦੀਆਂ ਸ਼ਰਤਾਂ ਮੁਤਾਬਕ ਸ੍ਰੋਮਣੀ ਕਮੇਟੀ ਕੋਲ ਕਈ ਹੋਰ ਵਧੀਕ ਸਕੱਤਰ ਪੋਸਟ ਗਰੈਜੂਏਟ ਵੀ ਮੌਜੂਦ ਹਨ। ਭਾਈ ਲੌਂਗੋਵਾਲ ਨੇ ਸਪੋਕਸਮੈਨ ਵਲੋਂ ਪ੍ਰੋ. ਬਡੂੰਗਰ ਦੇ ਪ੍ਰਧਾਨਗੀ ਕਾਲ ਸਮੇਂ ਸ਼੍ਰੋਮਣੀ ਕਮੇਟੀ ਵਿਚ ਹੋਈ 500 ਤੋਂ ਜ਼ਿਆਦਾ ਭਰਤੀਆਂ ਸਬੰਧੀ ਕੀਤੇ ਪ੍ਰਗਟਾਵਿਆਂ 'ਤੇ ਨੋਟਿਸ ਲੈਂਦਿਆਂ ਇਨ੍ਹਾਂ ਦੀ ਪੜਤਾਲ ਲਈ ਜਾਂਚ ਕਮੇਟੀ ਬਣਾ ਦਿਤੀ ਹੈ।