ਸ. ਜਗਮੀਤ ਸਿੰਘ ਨੇ ਨੋਕਦਾਰ ਦਸਤਾਰ ਤੇ ਬੰਨ੍ਹੀ ਹੋਈ ਦਾਹੜੀ ਦਾ ਸੁਝਾਅ ਠੁਕਰਾਇਆ

ਪੰਥਕ, ਪੰਥਕ/ਗੁਰਬਾਣੀ

ਮਾਨਸਾ, 12 ਨਵੰਬਰ (ਸੁਖਜਿੰਦਰ ਸਿੱਧੂ) :  ਪੰਜਾਬ ਦੇ ਪਿੰਡ ਠੀਕਰੀਵਾਲਾ ਦੇ ਜੰਮਪਲ ਸਾਬਤ-ਸੂਰਤ ਦਮਾਲਾਧਾਰੀ ਨੌਜਵਾਨ ਗੁਰਸਿੱਖ ਅਪਣੀ ਵਖਰੀ ਪਛਾਣ ਬਣਾਉਣ ਵਾਲੇ ਕੈਨੇਡਾ ਦੀ ਨੈਸ਼ਨਲ ਪਾਰਟੀ ਐਨ ਡੀ ਪੀ (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਪਾਰਟੀ ਪ੍ਰਧਾਨ ਬਣਨ ਅਤੇ ਪ੍ਰਧਾਨ ਮੰਤਰੀ ਦੀ ਚੋਣ ਦੇ ਪਾਰਟੀ ਵਲੋਂ ਉਮੀਦਵਾਰ ਬਣਨ ਤੇ ਉਨਟਾਰੀਉ ਵਿਚ ਵਿਧਾਇਕ ਦੇ ਤੌਰ 'ਤੇ ਬੈਠਣ ਵਾਲੇ, ਇਕ ਪ੍ਰਮੁੱਖ ਸੰਘੀ ਪਾਰਟੀ ਦੀ ਅਗਵਾਈ ਕਰਨ ਵਾਲੇ ਅਤੇ ਕੈਨੇਡਾ ਵਿਚ ਡਿਪਟੀ ਲੀਡਰ ਦੀ ਪਦਵੀ 'ਤੇ ਬੈਠਣ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਹੋਣ 'ਤੇ ਸ. ਜਗਮੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਰਾਹੀਂ ਸਿੱਖ ਕੌਮ ਨੂੰ ਇਹ ਸੰਦੇਸ਼ ਦਿਤਾ ਹੈ: ''ਮੇਰੀ ਦਿਲੀ ਤਮੰਨਾ ਹੈ ਕਿ ਮੈਂ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਂ, ਮੇਰੀ ਵੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਿਉ ਕਿ ਮੈਂ ਸੱਚੇ ਦਿਲੋਂ ਸਮਾਜ ਦੀ ਸੇਵਾ ਕਰ ਸਕਾਂ, ਗੁਰੂ ਸਾਹਿਬ ਵਲੋਂ ਦੱਸੇ ਮਾਰਗ 'ਤੇ ਚਲ ਕੇ ਅਪਣਾ ਫ਼ਰਜ਼ ਪੂਰਾ ਕਰ ਸਕਾਂ ,ਗੁਰੂ ਸਾਹਿਬ ਆਪ ਹੀ ਨਿਮਾਣੇ ਨੂੰ ਮਾਣ ਬਖ਼ਸ਼ਿਸ਼ ਕਰਨ। ਮੈਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਹੋਣ।''
ਉਨ੍ਹਾਂ ਇਹ ਵੀ ਦਸਿਆ,''ਜਦੋਂ ਮੈਂ ਰਾਜਨੀਤਕ ਪਾਰਟੀ ਵਿਚ ਆਇਆ ਤਾਂ ਸਲਾਹ ਦੇਣ ਵਾਲਿਆਂ ਨੇ ਸਲਾਹ ਦਿਤੀ ਕਿ ਜਗਮੀਤ ਸਿੰਘ ਤੁਸੀਂ ਅਪਣੀ ਦਸਤਾਰ ਬਦਲ ਕੇ ਤਿੱਖੀ ਦਸਤਾਰ ਬਣਾ ਲਵੋ ਅਤੇ ਦਾੜ੍ਹੀ ਨੂੰ ਬੰਨ੍ਹਣਾ ਸ਼ੁਰੂ ਕਰ ਦੇਵੋ, ਪਰ ਮੇਰੀ ਹਮੇਸ਼ਾ ਇਹੋ ਹੀ ਸੋਚ ਰਹੀ ਹੈ ਕਿ ਗੁਰੂ ਸਾਹਿਬ ਨਾਲ ਜੁੜ ਕੇ ਹੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ, ਮੈਂ ਹਮੇਸ਼ਾ ਅਪਣੇ ਇਰਾਦੇ 'ਤੇ ਦ੍ਰਿੜ ਰਿਹਾ । ਹਮੇਸ਼ਾ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਚੜ੍ਹਦੀ ਕਲਾ ਵਿਚ ਰਿਹਾ । ਮੈਂ ਅਪਣੇ ਵਲੋਂ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਹਮੇਸ਼ਾ ਅਪਣੇ ਵਜੂਦ ਨਾਲ ਜੁੜੇ ਰਹੋ, ਅਪਣੀ ਕੌਮ ਨਾਲ ਜੁੜੇ ਰਹੋ, ਦਸਮੇਸ਼ ਪਿਤਾ ਵਲੋਂ ਬਖ਼ਸ਼ੀ ਸਰਦਾਰੀ ਕਾਇਮ ਰੱਖੋ ਜਿਸ ਨਾਲ ਤੁਸੀਂ ਦੁਨੀਆਂ ਦੀ ਕਿਸੇ ਵੀ ਬੁਲੰਦੀ ਨੂੰ ਹਾਸਲ ਕਰ ਸਕਦੇ ਹੋ ।'' ਇਸ ਮੌਕੇ ਸ. ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਾਜ ਸਿੰਘ, ਗੁਰਜੀਤ ਸਿੰਘ ਮੋੜ, ਮਹਾਂਬੀਰ ਸਿੰਘ ਤੁੰਗ ਆਦਿ ਹਾਜ਼ਰ ਸਨ।
ਸ. ਗੁਰਪ੍ਰੀਤ ਸਿੰਘ ਝੱਬਰ ਨੇ ਸ. ਜਗਮੀਤ ਸਿੰਘ ਨੂੰ ਪਾਰਟੀ ਦੀ ਪ੍ਰਧਾਨਗੀ ਮਿਲਣ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਥਾਪਣ 'ਤੇ ਵਧਾਈ ਦਿਤੀ ਹੈ।