ਸਭਿਆਚਾਰਕ ਪ੍ਰੋਗਰਾਮ ਦੀ ਥਾਂ ਹੋਏ ਧਾਰਮਕ ਸਮਾਗਮ 'ਚ ਆਇਆ ਸੰਗਤ ਦਾ ਹੜ੍ਹ

ਪੰਥਕ, ਪੰਥਕ/ਗੁਰਬਾਣੀ



ਫ਼ਰੀਦਕੋਟ, 25 ਸਤੰਬਰ (ਸਟਾਫ਼ ਰੀਪੋਰਟਰ): ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੌਰਾਨ ਲੰਮੇ ਸਮੇਂ ਤੋ 23 ਸਤੰਬਰ ਵਾਲੇ ਅਖ਼ੀਰਲੇ ਦਿਨ ਨਗਰ ਕੀਰਤਨ ਉਪ੍ਰੰਤ ਰਾਤ ਸਮੇਂ ਨਹਿਰੂ ਸਟੇਡੀਅਮ ਵਿਖੇ ਸਟਾਰ ਨਾਈਟ ਕਰਵਾਈ ਜਾਂਦੀ ਸੀ, ਜਿਸ 'ਚ ਸੂਫ਼ੀਆਨਾਂ ਪ੍ਰੋਗਰਾਮ ਦੇ ਨਾਮ 'ਤੇ ਮਾੜੀ ਗਾਇਕੀ ਪਰੋਸੀ ਜਾਂਦੀ ਸੀ। ਇਸ ਵਾਰ ਬਾਬਾ ਫ਼ਰੀਦ ਜੀ ਰਹਿਮਤ ਸਦਕਾ ਪ੍ਰਸ਼ਾਸਨ ਵਲੋਂ ਸਟਾਰ ਨਾਈਟ ਬੰਦ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ ਤੇ ਉਸ ਦੀ ਥਾਂ ਮਹੀਪਇੰਦਰ ਸਿੰਘ ਨੇ ਐਡਵੋਕੇਟ ਇੰਦਰਜੀਤ ਸਿੰਘ ਖ਼ਾਲਸਾ ਦੀ ਸਲਾਹ ਨਾਲ ਪੱਕੇ ਤੌਰ 'ਤੇ ਧਾਰਮਕ ਸਮਾਗਮ ਕਰਾਉਣ ਦਾ ਫ਼ੈਸਲਾ ਲਿਆ।

ਪਹਿਲੀ ਵਾਰ ਬਾਬਾ ਫ਼ਰੀਦ ਲਾਅ ਕਾਲਜ ਵਿਖੇ ਹੋਏ ਇਸ ਧਾਰਮਕ ਸਮਾਗਮ ਵਿਚ ਸੰਗਤ ਦੇ ਇਕੱਠ ਨੇ ਇਹ ਸਾਬਤ ਕਰ ਦਿਤਾ ਕਿ ਫ਼ਰੀਦਕੋਟੀਆਂ ਦੇ ਮਨ ਵਿਚ ਬਾਬਾ ਫ਼ਰੀਦ ਜੀ ਦਾ ਮਾਣ ਸਤਿਕਾਰ ਬਹੁਤ ਉਚਾ ਹੈ ਜਿਸ ਕਾਰਨ ਇਸ ਸਮਾਗਮ ਦੇ ਇਕੱਠ ਨੇ ਇਹ ਫ਼ੈਸਲਾ ਪੱਕੇ ਤੌਰ 'ਤੇ ਕਰ ਦਿਤਾ ਕਿ ਇਸ ਇਲਾਕੇ ਦੇ ਲੋਕ ਸਭਿਆਚਾਰਕ ਪ੍ਰੋਗਰਾਮ ਨਾਲੋਂ ਬਾਬਾ ਫ਼ਰੀਦ ਜੀ ਦੀ ਬਾਣੀ ਨਾਲ ਸਬੰਧਤ ਧਾਰਮਕ ਸਮਾਗਮ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹਨ। ਸਮਾਗਮ ਵਿਚ ਕਥਾਵਾਚਕ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਬਾਬਾ ਫ਼ਰੀਦ ਜੀ ਦੀ ਬਾਣੀ ਤੇ ਕਥਾ ਵਿਚਾਰਾਂ ਸੰਗਤ ਨਾਲ ਸਾਂਝੀਆਂ ਕੀਤੀਆਂ। ਮਹੀਪ ਇੰਦਰ ਸਿੰਘ ਨੇ ਦਸਿਆ ਕਿ ਇਸ ਪ੍ਰੋਗਰਾਮ ਨੂੰ ਹਰ ਸਾਲ 23 ਸਤੰਬਰ ਵਾਲੀ ਰਾਤ ਨੂੰ ਬਾਬਾ ਫ਼ਰੀਦ ਲਾਅ ਕਾਲਜ ਵਿਖੇ ਕਰਾਇਆ ਜਾਵੇਗਾ।