'ਸਾਦੇ ਵਿਆਹ, ਸਾਦੇ ਭੋਗ-ਨਾ ਕਰਜ਼ਾ, ਨਾ ਚਿੰਤਾ ਰੋਗ' ਦਾ ਸੰਦੇਸ਼ ਦਿੰਦਾ ਸਮਾਪਤ ਹੋਇਆ ਕਿਸਾਨ ਮੇਲਾ

ਪੰਥਕ, ਪੰਥਕ/ਗੁਰਬਾਣੀ



ਲੁਧਿਆਣਾ, 23 ਸਤੰਬਰ (ਮਹੇਸ਼ਇੰਦਰ ਸਿੰਘ ਮਾਂਗਟ) : ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਸਮੇਂ ਇਸ ਸਾਲ ਦੇ ਸੁਨੇਹੇ- 'ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ, ਨਾ ਚਿੰਤਾ ਰੋਗ ' ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ।

ਇਸ ਮੌਕੇ ਯੂਨੀਵਰਸਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ ਸਭਿਆਚਾਰ ਵਿਭਾਗ ਵਲੋਂ 72 ਪੰਨਿਆਂ ਦੀ ਇਕ ਪੁਸਤਕ 'ਸਾਦੇ ਵਿਆਹ, ਸਾਦੇ ਭੋਗ' ਪੰਜਾਬ ਦੇ ਵਿਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਰਿਲੀਜ਼ ਕੀਤੀ। ਇਸ ਵਿਚ 24 ਨਿੱਕੇ-ਨਿੱਕੇ ਲੇਖਾਂ ਰਾਹੀਂ ਸਾਦੇ ਵਿਆਹ ਕਰਨ ਦੇ ਢੰਗ ਦੱਸੇ ਗਏ ਹਨ ਅਤੇ ਵਿਖਾਵੇ ਤਿਆਗ ਕੇ ਸਾਦਗੀ ਭਰਿਆ ਜੀਵਨ ਜੀਉਣ ਦੀ ਪ੍ਰੇਰਣਾ ਕੀਤੀ ਗਈ ਹੈ। ਡਾ. ਸਰਬਜੀਤ ਸਿੰਘ, ਪ੍ਰੋਫੈਸਰ ਪੱਤਰਕਾਰੀ ਨੇ ਦਸਿਆ ਕਿ 3000 ਤੋਂ ਵੱਧ ਕਿਸਾਨਾਂ ਨੇ ਵੱਡੇ-ਵੱਡੇ ਬੈਨਰਾਂ 'ਤੇ ਹਸਤਾਖ਼ਰ ਕੀਤੇ ਕਿ ਉਹ ਅਪਣੇ ਪਰਵਾਰਾਂ ਵਿਚ ਸਾਦੇ ਵਿਆਹ ਦੀ ਰੀਤ ਚਲਾਉਣਗੇ ਨਾਲ ਹੀ ਆਪੋ-ਅਪਣੇ ਪਿੰਡਾਂ ਵਿਚ ਵੀ ਇਸ ਲਹਿਰ ਨੂੰ ਪ੍ਰਚੰਡ ਕਰਨਗੇ। ਇਸ ਮੌਕੇ 34 ਸਾਲ ਦੀ ਉਮਰ ਤੋਂ ਘੱਟ ਪੇਂਡੂ ਨੌਜਵਾਨਾਂ ਨੂੰ ਕਿਸਾਨ ਖੁਦਕੁਸ਼ੀਆਂ ਰੋਕਣ ਵਿੱਚ ਸਹਿਯੋਗ ਦੇਣ ਲਈ ਵਲੰਟੀਅਰ ਬਣਨ ਲਈ ਫਾਰਮ ਭਰਵਾਏ ਗਏ। ਇਥੇ ਇਹ ਵਰਨਣ ਯੋਗ ਹੈ ਕਿ ਯੂਨੀਵਰਸਟੀ ਵਲੋਂ ਪੇਂਡੂ ਨੌਜਵਾਨਾਂ ਨੂੰ ਮਨੋਵਿਗਿਆਨਕ ਮੁੱਢਲੀ ਸਹਾਇਤਾ ਦੀ ਮੁਫਤ ਸਿਖਲਾਈ ਦਿਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀ ਪੱਤਰਕਾਰੀ ਵਿਭਾਗ ਵਲੋਂ ਇਸ਼ਤਿਹਾਰ ਵੰਡੇ ਗਏ ਜਿਸ ਦਾ ਸੁਨੇਹਾ ਸੀ- 'ਮੁਸ਼ਕਲਾਂ ਨਾਲ ਜੂਝਣਾ ਸਿਖੀਏ ਤੇ ਸਿਖਾਈਏ। ਖੁਦਕੁਸ਼ੀਆਂ ਰੋਕੀਏ, ਪੇਰਸ਼ਾਨੀਆਂ ਨਾਲ ਜੂਝੀਏ।' ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇਰਨਾ ਕੀਤੀ ਗਈ ਕਿ ਉਹ ਅਪਣੇ ਆਲੇ-ਦੁਆਲੇ ਕਰਜ਼ੇ/ਨਸ਼ੇ/ਘਰੇਲੂ ਲੜਾਈਆਂ ਤੋਂ ਪ੍ਰੇਸ਼ਾਨ ਕਿਸਾਨ ਪਰਵਾਰ ਦੀ ਸਾਰ ਲੈਣ। ਜੇ ਸੁੱਖ ਸਦਾ ਨਹੀਂ ਰਹਿੰਦਾ ਤਾਂ ਦੁੱਖ ਵੀ ਹਮੇਸ਼ਾ ਨਹੀਂ ਰਹਿਣਾ। ਦੁੱਖ ਵੇਲੇ ਅਪਣੇ ਸੁੱਖਾਂ ਦੇ ਪਲ ਯਾਦ ਕਰੀਏ।

ਦੁੱਖਾਂ ਦੀ ਨਹੀਂ ਸਗੋਂ ਸੁੱਖਾਂ ਦੀ ਗਿਣਤੀ ਕਰੀਏ। ਯੂਨੀਵਰਸਟੀ ਦੇ ਐਨ.ਐਸ.ਐਸ ਵਲੰਟੀਅਰਾਂ ਵਲੋਂ ਵੱਖ-ਵੱਖ ਨਾਹਰੇ ਖੁਬਸੂਰਤ ਰੂਪ ਨਾਲ ਸਾਰੇ ਕਿਸਾਨ ਮੇਲੇ ਵਿਚ ਲਗਾਏ ਗਏ ਸਨ ਜਿਵੇਂ ''ਵਿਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ'', ''ਵਿਆਹਾਂ ਸਮੇਂ ਵਿਖਾਵਾ ਦਿਨ ਚਾਰ ਦਾ ਕਰਜ਼ਾ ਤੇ ਪਛਤਾਵਾ ਉਮਰ ਭਰ ਦਾ'', ''ਕਰਜ਼ੇ ਤੋਂ ਜੇ ਬਚ ਕੇ ਰਹਿਣਾ ਦਿਖਾਵਾ ਫਿਰ ਛੱਡਣਾ ਹੀ ਪੈਣਾ'', ''ਚਾਦਰ ਵੇਖ ਕੇ ਪੈਰ ਪਸਾਰੋ ਲੋਕਾਂ ਦੀ ਰੀਸੇ ਅਪਣੇ ਘਰ ਨਾ ਉਜਾੜੋ''।

ਇਸ ਮੌਕੇ ਵਿਦਿਆਰਥੀਆਂ ਵਲੋਂ ਸਾਦੇ ਵਿਆਹ, ਸਾਦੇ ਭੋਗ ਸੰਬੰਧੀ ਇਕ ਭਰਵਾਂ ਮਾਰਚ ਵੀ ਕੱਢਿਆ ਗਿਆ ਜੋ ਕਿ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣਿਆ। ਲੋਕ ਰੁਕ ਰੁਕ ਉਸ ਦੀ ਵੀਡੀਉ ਬਣਾਅ ਰਹੇ ਸਨ ਤੇ ਫ਼ੋਟੋਆਂ ਲੈ ਰਹੇ ਸਨ। ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਨੇ ਇਕ ਉਦਮੀ ਕਿਸਾਨ ਸ. ਗੁਲਜ਼ਾਰ ਸਿੰਘ ਇਸ ਨੂੰ ਇਸ ਮੁਹਿੰਮ ਦੀ ਚਰਚਾ 'ਚ ਰਹੇ ਕਰਮੀ ਵਜੋਂ ਸਨਮਾਨਤ ਵੀ ਕੀਤਾ ਗਿਆ।