ਸੰਗਤ ਸਾਹਮਣੇ ਪੂਰਾ ਸੱਚ ਪੇਸ਼ ਹੋਵੇ: ਭੁਪਿੰਦਰ ਸਿੰਘ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ, 22 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸਰਨਾ ਭਰਾਵਾਂ ਵਲੋਂ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕਾਂ ਵਿਰੁਧ ਕੜਾਹ ਪ੍ਰਸ਼ਾਦਿ ਲਈ ਵਰਤੇ ਜਾਂਦੇ ਦੇਸੀ ਘਿਉ ਵਿਚ ਕਰੋੜਾਂ ਦੇ ਘਪਲੇ ਦੇ ਦੋਸ਼ ਲਾਉਣ ਪਿੱਛੋਂ ਸਰਨਾ ਤੇ ਬਾਦਲ ਦੋਵੇਂ ਧਿਰਾਂ ਇਕ-ਦੂਜੇ ਨੂੰ ਬਿਆਨਬਾਜ਼ੀਆਂ ਨਾਲ ਮਾਤ ਦੇਣ ਦੀ ਦੌੜ ਵਿਚ ਸ਼ਾਮਲ ਹੋ ਗਈਆਂ ਹਨ।
ਦਿੱਲੀ ਗੁਰਦਵਾਰਾ ਕਮੇਟੀ ਦੇ ਮੀਡੀਆ ਸਲਾਹਕਾਰ ਸ. ਪਰਮਿੰਦਰਪਾਲ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਅਹੁਦੇਦਾਰ ਸ. ਇੰਦਰਮੋਹਨ ਸਿੰਘ ਵਿਰੁਧ ਲਾਏ ਗਏ ਦੋਸ਼ਾਂ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪੀ.ਆਰ.ਓ. ਸ. ਭੁਪਿੰਦਰ ਸਿੰਘ ਲਾਰੰਸ ਰੋਡ ਨੇ ਕਮੇਟੀ ਦੇ ਮੀਡੀਆ ਸਲਾਹਕਾਰ ਨੂੰ ਸਲਾਹ ਦਿਤੀ ਹੈ ਕਿ ਉਹ ਤੱਥਾਂ ਰਹਿਤ ਆਧਾਰਹੀਣ ਦੋਸ਼ ਲਾਉਣ ਦੀ ਬਜਾਏ ਕਰੋੜਾਂ ਦੇ ਦੇਸੀ ਘਿਉ ਘਪਲੇ ਦਾ ਪੂਰਾ ਸੱਚ ਸੰਗਤ ਸਾਹਮਣੇ ਪੇਸ਼ ਕਰਨ ਤੇ ਇਹ ਵੀ ਸੰਗਤ ਨੂੰ ਦੱਸਣ ਕਿ ਆਖ਼ਰ ਕਿਉਂ ਕਮੇਟੀ ਨੇ ਕਾਗਜ਼ਾਂ ਵਿਚ ਫ਼ਰਜ਼ੀ ਕੰਪਨੀਆਂ ਤੋਂ ਘਿਉ ਦੀ ਖ਼ਰੀਦ ਵਿਖਾਈ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਈ-ਮੇਲ ਰਾਹੀਂ ਜਾਰੀ ਬਿਆਨ 'ਚ ਸ. ਭੁਪਿੰਦਰ ਸਿੰਘ ਨੇ ਚੁਨੌਤੀ ਦਿਤੀ ਹੈ ਕਿ ਸ. ਪਰਮਿੰਦਰਪਾਲ ਸਿੰਘ ਮੀਡੀਆ ਵਿਚ ਝੂਠੇ, ਆਧਾਰਹੀਣ ਤੇ ਗੁਮਰਾਹਕੁਨ ਬਿਆਨ ਦੇਣ ਕਰ ਕੇ, ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ 'ਤੇ ਸਪੱਸ਼ਟ ਕੀਤਾ ਹੈ ਕਿ ਘਿਉ ਘਪਲੇ ਬਾਰੇ ਉਨ੍ਹਾਂ ਕੇਸ਼ੋਪੁਰ ਥਾਣੇ ਤੇ ਹੋਰ ਸਰਕਾਰੀ ਮਹਿਕਮਿਆਂ ਵਿਚ ਠੋਸ ਤੱਥਾਂ ਤੇ ਸਬੂਤਾਂ 'ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵਿਰੁਧ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਚੁਕੀਆਂ ਹਨ ਜਿਸ ਕਰ ਕੇ ਕਮੇਟੀ ਪ੍ਰਬੰਧਕਾਂ ਵਿਚ ਘਬਰਾਹਟ ਤੇ ਬੁਖ਼ਲਾਹਟ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਪਰਮਿੰਦਰਪਾਲ ਸਿੰਘ ਅਪਣੇ ਇਲਾਕੇ ਦੀ ਸੰਗਤ ਵਲੋਂ ਪਹਿਲਾਂ ਹੀ ਦਿੱਲੀ ਗੁਰਦਵਾਰਾ ਚੋਣਾਂ ਵਿਚ ਨਕਾਰੇ ਜਾ ਚੁਕੇ ਹਨ, ਫਿਰ ਉਹ ਕਿਸ ਤਰ੍ਹਾਂ ਖ਼ੁਦ ਨੂੰ ਸਿਆਸੀ ਆਗੂ ਹੋਣ ਦਾ ਦਾਅਵਾ ਕਰਦੇ ਹੋਏ ਸਿਆਸਤ ਤੋਂ ਕਿਨਾਰਾ ਕਰ ਲੈਣ ਦੇ ਹਾਸੋਹੀਣੇ ਦਾਅਵੇ ਕਰ ਰਹੇ ਹਨ।
ਦਿੱਲੀ ਕਮੇਟੀ ਵਲੋਂ ਅਪਰਾਧਕ ਮਾਮਲਾ ਦਰਜ ਕਰਵਾਉਣ ਦੀ ਤਿਆਰੀ: ਦਿੱਲੀ ਗੁਰਦਵਾਰਾ ਕਮੇਟੀ ਦੇ ਮੀਡੀਆ ਸਲਾਹਕਾਰ ਸ. ਪਰਮਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਕਮੇਟੀ ਵਲੋਂ ਛੇਤੀ ਹੀ ਅਦਾਲਤ ਵਿਚ ਸ. ਇੰਦਰਮੋਹਨ ਸਿੰਘ ਤੇ ਸ. ਭੁਪਿੰਦਰ ਸਿੰਘ ਵਿਰੁਧ ਇੱਜ਼ਤ ਹਤੱਕ ਦੇ ਅਪਰਾਧਕ ਤੇ ਦੀਵਾਨੀ ਮਾਮਲੇ ਦਰਜ ਕਰਵਾਏ ਜਾਣਗੇ ਕਿਉਂਕਿ ਇਹ ਦੋਵੇਂ ਮੇਰੇ 'ਤੇ ਕਮੇਟੀ ਤੋਂ ਤਨਖ਼ਾਹ ਲੈਣ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ ਜਦਕਿ ਮੈਂ ਇਹ ਸੇਵਾ ਨਿਸ਼ਕਾਮ ਤੌਰ 'ਤੇ ਨਿਭਾਅ ਰਿਹਾ ਹਾਂ।