ਸੰਘਣੀ ਧੁੰਦ: ਦਰਬਾਰ ਸਾਹਿਬ ਆਉਣ ਵਾਲਿਆਂ ਦੀ ਹਾਜ਼ਰੀ ਘੱਟ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 3 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪਿਛਲੇ 2 ਦਿਨਾਂ ਤੋਂ ਪੈ ਰਹੀ ਬਹੁਤ ਜ਼ਿਆਦਾ ਠੰਡ ਅਤੇ ਕੋਹਰੇ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀ, ਸ਼ਰਧਾਲੂ ਤੇ ਸੰਗਤਾਂ ਉਤਸ਼ਾਹ ਪਹਿਲਾਂ ਵਾਂਗ ਹੈ। ਪਰ ਕਹਿਰ ਦੀ ਠੰਡ ਕਾਰਨ ਹਾਜ਼ਰੀ ਘੱਟ ਗਈ ਹੈ। ਅੱਜ ਵੀ ਸੰਘਣੀ ਧੁੰਦ ਕਾਰਨ ਹਰ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਇਕ ਪਲ ਲਈ ਵੀ ਲੋਕਾਂ ਨੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਕੀਤੇ। ਸੜਕਾਂ 'ਤੇ ਆਵਾਜਾਈ ਇੰਝ ਸੀ ਜਿਵੇਂ ਗੱਡੀਆਂ ਦੀ ਰਫ਼ਤਾਰ ਕਿਸੇ ਨੇ ਰੋਕ ਹੀ ਦਿੱਤੀ ਹੋਵੇ। ਲੋਕ ਇਕ ਤਰ੍ਹਾਂ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ। ਉਹ ਬਹੁਤ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲੇ।

ਇਹ ਹੱਡ-ਚੀਰਵੀਂ ਠੰਡ ਤਾਂ ਜਿਵੇਂ ਬਹੁਤ ਵੱਡੀ ਆਫ਼ਤ ਵਾਂਗ ਹੈ। ਗਰਮ ਕੱਪੜਿਆਂ ਦੀ ਕਮੀ ਅਤੇ 2 ਸਮੇਂ ਦੇ ਖਾਣੇ ਦਾ ਜੁਗਾੜ ਕਰਨਾ ਇਨ੍ਹਾਂ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਜ਼ਰੂਰੀ ਸੇਵਾਵਾਂ ਦੁੱਧ ਦੀ ਸਪਲਾਈ, ਸਬਜ਼ੀ ਮੰਡੀ 'ਚ ਕੰਮ ਕਰਨ ਵਾਲਿਆਂ, ਅਖਬਾਰਾਂ ਵੰਡਣ ਵਾਲਿਆਂ ਦਾ ਇਸ ਠੰਡ 'ਚ ਕੰਮ ਕਰਨ ਦਾ ਜਜ਼ਬਾ ਅਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਦੇਖ ਕੇ ਆਮ ਲੋਕਾਂ ਨੂੰ ਹੌਸਲਾ ਹੁੰਦਾ ਹੈ।ਠੰਡ ਦੇ ਕਹਿਰ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦਾ ਸਹਾਰਾ ਤਾਂ ਲੈਂਦੇ ਹੀ ਹਨ, ਨਾਲ ਹੀ ਧੂਣੀ ਬਾਲ ਉਸ ਦੇ ਆਲੇ-ਦੁਆਲੇ ਬੈਠ ਕੇ ਸਰੀਰ ਨੂੰ ਨਿੱਘ ਪਹੁੰਚਾਉਣ ਦੀ ਹਰ ਜਗ੍ਹਾ ਕੋਸ਼ਿਸ਼ ਹੋ ਰਹੀ ਹੈ।