ਫ਼ਤਿਹਗੜ੍ਹ ਸਾਹਿਬ, 27 ਦਸੰਬਰ (ਸੁਰਜੀਤ ਸਿੰਘ ਸਾਹੀ) : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਲੱਗਣ ਵਾਲਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਅੱਜ ਨਗਰ ਕੀਰਤਨ ਦੀ ਸਮਾਪਤੀ ਨਾਲ ਰਸਮੀ ਤੌਰ 'ਤੇ ਸਮਾਪਤ ਹੋ ਗਿਆ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਣ 'ਤੇ ਸਮਾਪਤੀ ਵੇਲੇ ਜੱਥੇਦਾਰ ਅਕਾਲ ਤਖ਼ਤ ਦੀ ਨੁਮਾਇੰਦਗੀ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਿੱਖ ਕੌਮ ਨੂੰ ਸੰਦੇਸ਼ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚਾਪਲੂਸੀ ਕਰਦੇ ਨਜ਼ਰ ਆਏ।ਅਪਣਾ ਭਾਸ਼ਣ ਸ਼ੁਰੂ ਕਰਦੇ ਸਾਰ ਹੀ ਉਨ੍ਹਾਂ ਕਿਹਾ ਕਿ ਸਟੇਜ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਹੋਰ ਸ਼ਹਾਦਤ ਬਾਰੇ ਵਿਸਥਾਰ ਵਿਚ ਦੱਸ ਹੀ ਦਿਤਾ ਹੈ ਅਤੇ ਉਹ ਵਾਰ-ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਾਹਿਬ ਦਾ ਦਰਜਾ ਦੇ ਕੇ ਮੁਖਾਤਿਬ ਹੁੰਦੇ ਰਹੇ ਅਤੇ ਉਨ੍ਹਾਂ ਦਾ ਵਾਰ-ਵਾਰ ਧੰਨਵਾਦ ਵੀ ਕਰਦੇ ਰਹੇ। ਇਸ ਤੋਂ ਇਲਾਵਾ ਉਹ ਹੋਰਨਾਂ ਅਹੁਦੇਦਾਰਾਂ ਨੂੰ ਵੀ ਸਾਹਿਬ ਦਾ ਦਰਜਾ ਦੇ ਕੇ ਨਿਵਾਜ਼ਦੇ ਰਹੇ।